ਨਵੀਂ ਦਿੱਲੀ: ਪਾਕਿਸਤਾਨ ਜਾ ਕੇ ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਕੀਤੀ ਬਿਆਨਬਾਜ਼ੀ ਨਾਲ ਬੀਜੇਪੀ ਭੜਕ ਗਈ ਹੈ। ਬੀਜੇਪੀ ਨੇ ਇਸ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਾਫੀ ਮੰਗਣ ਲਈ ਕਿਹਾ ਹੈ। ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਮੌਕੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਹੱਦ ਤਾਰੀਫ ਕੀਤੀ ਸੀ।

ਬੀਜੇਪੀ ਦੇ ਬੁਲਾਰੇ ਸੰਵਿਤ ਪਾਤਰਾ ਨੇ ਕਿਹਾ ਕਿ ਕਰਤਾਰਪੁਰ ਕੌਰੀਡੋਰ ਤੇ ਰਾਮ ਜਨਮ ਭੂਮੀ ਨੂੰ ਲੈ ਕੇ ਕਾਂਗਰਸ ਦਾ ਜੋ ਰਵੱਈਆ ਰਿਹਾ ਹੈ, ਉਹ ਅੱਜ ਸਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਵਿੱਚ ਪਾਕਿਸਤਾਨ ਵੱਲੋਂ ਮੁੱਖ ਮਹਿਮਾਨ ਵਜੋਂ ਜਾਂਦੇ ਹਨ ਪਰ ਭਾਰਤ ਤੋਂ ਗਏ ਪਹਿਲੇ ਜਥੇ ਵਿੱਚ ਨਹੀਂ ਜਾਂਦੇ। ਉਹ ਸਿੱਖਾਂ ਦਾ ਨੁਮਾਇੰਦਾ ਹੋਣ ਦਾ ਦਾਅਵਾ ਕਰਦੇ ਹਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਸੰਸਾ ਵਿੱਚ ਕਸੀਦੇ ਪੜ੍ਹਦੇ ਹਨ।

ਪਾਤਰਾ ਨੇ ਕਿਹਾ ਕਿ ਸਿੱਧੂ ਕਾਂਗਰਸ ਦੇ ਕਿਦਾਵਰ ਨੇਤਾ ਹਨ ਪਰ ਉਨ੍ਹਾਂ ਨੇ ਪਾਕਿਸਤਾਨ ਵਿੱਚ ਬਿਆਨਬਾਜ਼ੀ ਕਰਕੇ ਭਾਰਤ ਦਾ ਕੱਦ ਛੋਟਾ ਕੀਤਾ ਹੈ। ਸਿੱਧੂ ਵੱਲੋਂ ਇਮਰਾਨ ਖਾਨ ਦੀ ਤੁਲਣਾ ਸਿਕੰਦਰ ਨਾਲ ਕਰਨੀ ਨਿੰਦਾਜਨਕ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਕਹਿਣਾ ਹੈ ਕਿ ਅਸੀਂ ਮਾਰ ਰਹੇ ਹਾਂ ਤੇ ਪਾਕਿਸਤਾਨ ਬਚਾ ਰਿਹਾ ਹੈ। ਇਹ ਕਾਂਗਰਸ ਦੀ ਮਨੋਸਥਿਤੀ ਨੂੰ ਦਰਸਾਉਂਦਾ ਹੈ।