ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10 ਕਰੋੜ ਖਰਚ ਕੇ ਵੀ ਵੇਲੇ ਸਿਰ ਪੰਡਾਲ ਤਿਆਰ ਨਹੀਂ ਕਰਵਾ ਸਕੀ। ਇਸ ਨੂੰ ਲੈ ਕੇ ਅਕਾਲੀ ਲੀਡਰਾਂ ਵਿੱਚ ਰੋਸ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦਾ ਠੇਕਾ ਦਿੱਲੀ ਦੀ ਇੱਕ ਕੰਪਨੀ ਨੂੰ ਦਿੱਤਾ ਹੈ। ਸੂਤਰਾਂ ਮੁਤਾਬਕ 10 ਕਰੋੜ ਰੁਪਏ ਖਰਚਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਾਲਾ ਪੰਡਾਲ ਅਧੂਰਾ ਹੈ। ਇਸ ਤੋਂ ਇਲਾਵਾ ਇਸ ਦੀ ਦਿੱਖ ਤੋਂ ਵੀ ਕਈ ਲੀਡਰ ਖੁਸ਼ ਨਹੀਂ।


ਦਰਅਸਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਦਾ ਪੰਡਾਲ ਗੁਰੂ ਨਾਨਕ ਸਟੇਡੀਅਮ ’ਚ ਬਣ ਰਿਹਾ ਹੈ। ਇਹ ਪੰਡਾਲ 7 ਨਵੰਬਰ ਨੂੰ ਤਿਆਰ ਕਰਕੇ ਕਮੇਟੀ ਦੇ ਹਵਾਲੇ ਕਰਨਾ ਸੀ ਪਰ ਇਹ ਸ਼ਨਿਚਰਵਾਰ ਤੱਕ ਵੀ ਮੁਕੰਮਲ ਨਹੀਂ ਹੋ ਸਕਿਆ। 10 ਕਰੋੜ ਦੀ ਲਾਗਤ ਨਾਲ ਬਣ ਰਹੇ ਇਸ ਪੰਡਾਲ ਵਿੱਚ ਜਿੱਥੇ ਸ਼ਨੀਵਾਰ ਨੂੰ ਤਿਆਰੀਆਂ ਚੱਲ ਰਹੀਆਂ ਸੀ, ਉਥੇ ਹੀ ਇਸਤਰੀ ਸੰਮੇਲਨ ਵੀ ਚੱਲ ਰਿਹਾ ਸੀ।

ਅਕਾਲੀ ਲੀਡਰ ਇਸ ਗੱਲੋਂ ਔਖੇ ਸੀ ਕਿ ਇੱਕ ਪਾਸੇ ਤਾਂ ਸਰਕਾਰ ਨਾਲ ਮੁੱਖ ਪੰਡਾਲ ਨੂੰ ਲੈ ਕੇ ਮੁਕਾਬਲੇਬਾਜ਼ੀ ਚੱਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦਾ 10 ਕਰੋੜੀ ਪੰਡਾਲ ਅਜੇ ਤਿਆਰ ਵੀ ਨਹੀਂ ਹੋਇਆ। ਗੁਰਦੁਆਰਾ ਬੇਰ ਸਾਹਿਬ ਦੇ ਨਵੇਂ ਬਣੇ ਪ੍ਰਸ਼ਾਸਕੀ ਕੰਪਲੈਕਸ ਵਿੱਚ ਅਕਾਲੀ ਲੀਡਰਾਂ ਨੇ ਪੰਡਾਲ ਤਿਆਰ ਨਾ ਹੋਣ ਕਾਰਨ ਭੜਾਸ ਕੱਢੀ।

ਬਹੁਤੇ ਅਕਾਲੀ ਲੀਡਰ ਇਸ ਗੱਲੋਂ ਲੋਹੇ ਲਾਖੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਸਵਾਗਤੀ ਗੇਟਾਂ ’ਤੇ ਕਾਲਾ ਕੱਪੜਾ ਕਿਉਂ ਲਾਇਆ ਗਿਆ ਹੈ? ਅਕਾਲੀ ਲੀਡਰਾਂ ਵੱਲੋਂ ਪ੍ਰਗਟਾਏ ਗਏ ਰੋਸ ਮਗਰੋਂ ਗੇਟਾਂ ’ਤੇ ਕਾਲੇ ਦੀ ਥਾਂ ਕੇਸਰੀ ਰੰਗ ਦਾ ਕੱਪੜਾ ਚੜ੍ਹਾਇਆ ਗਿਆ। ਕਈ ਅਕਾਲੀ ਲੀਡਰਾਂ ਵੱਲੋਂ ਆਪਣੇ ਇਸ ਪੰਡਾਲ ਨੂੰ ਕੋਲਡ ਸਟੋਰ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੀ ਬਾਹਰੋਂ ਦਿੱਖ ਕੋਲਡ ਸਟੋਰ ਵਰਗੀ ਲੱਗਦੀ ਹੈ ਤੇ ਅੰਦਰ ਚੱਲਦੇ ਏਅਰ ਕੰਡੀਸ਼ਨ ਵੀ ਸੰਗਤ ਨੂੰ ਕੰਬਣੀ ਛੇੜ ਰਹੇ ਹਨ।

ਇਸ ਦੌਰਾਨ ਮੁਕਤਸਰ ਜ਼ਿਲ੍ਹੇ ਵਿੱਚੋਂ ਆਈਆਂ ਕੁਝ ਬੀਬੀਆਂ ਨੇ ਕਿਹਾ ਅਕਾਲੀਆਂ ਦਾ ਪੰਡਾਲ ਅਜੇ ਤਿਆਰ ਵੀ ਨਹੀਂ ਹੋਇਆ ਜਦਕਿ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ। ਚਾਰ ਦਿਨਾਂ ਦੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਨੂੰ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਸੀ।