ਚੰਡੀਗੜ੍ਹ: ਘੱਗਰ ਦਰਿਆ ਪੰਜਾਬ ਦਾ ਸੁਆਰਦਾ ਦਾ ਕੁਝ ਨਹੀਂ ਪਰ ਤਬਾਹੀ ਹਰ ਸਾਲ ਮਚਾਉਂਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਸਿਆਸੀ ਲੀਡਰ ਲੋਕਾਂ ਨੂੰ ਤਬਾਹੀ ਤੋਂ ਬਚਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕੇ। ਅਹਿਮ ਗੱਲ ਇਹ ਹੈ ਕਿ ਇਹ ਦਰਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਲਾਕੇ ਮਾਨਸਾ ਤੱਕ ਮਾਰ ਕਰਦਾ ਹੈ ਪਰ ਦੋਵੇਂ ਵੱਡੇ ਸਿਆਸਤਦਾਨ ਇਸ ਸਬੰਧੀ ਕੁਝ ਨਹੀਂ ਕਰ ਸਕੇ।



ਇਸ ਵਾਰ ਫਿਰ ਘੱਗਰ ਨੇ ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਸਰਦੂਲਗੜ੍ਹ ਤੱਕ ਤਬਾਹੀ ਮਚਾਈ ਹੈ। ਹੁਣ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਮੁੱਦੇ ਨੂੰ ਸੰਸਦ ਦੇ ਚੱਲ ਰਹੇ ਸੈਸ਼ਨ ਵਿੱਚ ਉਠਾਉਣਗੇ। ਪ੍ਰਨੀਤ ਕੌਰ ਕਿਹਾ ਕਿ ਇਹ ਮੁੱਦਾ ਉਠਾਉਣ ਲਈ ਉਨ੍ਹਾਂ ਨੇ ਅਰਜ਼ੀ ਦੇ ਦਿੱਤੀ ਹੈ। ਕੁਝ ਹੀ ਦਿਨਾਂ ਤੱਕ ਸੰਸਦ ’ਚ ਮੁੱਦਾ ਉਠਾਅ ਕੇ ਕੇਂਦਰ ਸਰਕਾਰ ਤੋਂ ਇਸ ਦੇ ਸਥਾਈ ਹੱਲ ਦੀ ਮੰਗ ਕਰਨਗੇ। ਉਂਝ ਇਹ ਵਾਅਦੇ ਪਹਿਲਾਂ ਵੀ ਕਈ ਵਾਰ ਕੀਤੇ ਗਏ ਹਨ।


ਦਰਅਸਲ ਮੁਹਾਲੀ ਦੇ ਭਾਂਖਰਪੁਰ ਤੋਂ ਸ਼ੁਰੂ ਹੋ ਕੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਸਮੇਤ ਹਰਿਆਣਾ ਵਿੱਚੋਂ ਦੀ ਹੋ ਕੇ ਮਾਨਸਾ ਦੇ ਸਰਦੂਲਗੜ੍ਹ ਤੱਕ ਪੁੱਜਦਾ ਘੱਗਰ ਦਰਿਆ ਤਕਰੀਬਨ ਹਰ ਸਾਲ ਹੀ ਵੱਡਾ ਨੁਕਸਾਨ ਕਰਦਾ ਹੈ। ਇਸ ’ਤੇ ਚਿਰਾਂ ਤੋਂ ਸਿਆਸਤ ਵੀ ਚੱਲਦੀ ਆ ਰਹੀ ਹੈ। ਹਰ ਸਾਲ ਸਿਆਸੀ ਲੀਡਰ ਦੌਰਾ ਕਰਦਿਆਂ ਵਾਅਦੇ ਤੇ ਦਾਅਵੇ ਕਰਦੇ ਹਨ ਪਰ ਉਸ ਮਗਰੋਂ ਕੁਝ ਵੀ ਨਹੀਂ ਹੁੰਦਾ।

ਇਸ ਵਾਰ ਪ੍ਰਨੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਵਾਸੀਆਂ ਪਾਸੋਂ ਜਾਣਕਾਰੀ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਯੋਜਨਾ ਤਿਆਰ ਕੀਤੀ ਜਾਵੇਗੀ। ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਨਾਲਿਆਂ ਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ, ਪਾਣੀ ਦੇ ਲਾਂਘੇ ਵਾਲੇ ਸਥਾਨਾਂ ਤੋਂ ਨਾਜਾਇਜ਼ ਕਬਜ਼ੇ ਵੀ ਹਟਾਏ ਜਾਣਗੇ ਤਾਂ ਜੋ ਅੱਗੇ ਤੋਂ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਘੱਗਰ ਦੇ ਸਥਾਈ ਹੱਲ ਲਈ ਸੈਂਟਰਲ ਵਾਟਰ ਕਮਿਸ਼ਨ ਰਾਹੀਂ ਕੰਮ ਕੀਤਾ ਜਾਵੇਗਾ।