ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਇਸ ਲਈ ਉਨ੍ਹਾਂ ਨੇ ਸੀਨੀਅਰ ਪੁਲਿਸ ਅਫਸਰ ਹਰਪ੍ਰੀਤ ਸਿੱਧੂ ਨੂੰ ਮੁੜ ਐਸਟੀਐਫ ਦੀ ਕਮਾਨ ਸੌਂਪੀ ਹੈ। ਸੂਤਰਾਂ ਮੁਤਾਬਕ ਕੈਪਟਨ ਇਸ ਵਾਰ ਸਿੱਧੂ ਨੂੰ ਪੂਰੀ ਖੁੱਲ੍ਹ ਦੇ ਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਜ਼ਿੰਮੇਵਾਰੀ ਸੌਂਪ ਰਹੇ ਹਨ। ਕੈਪਟਨ ਨਸ਼ਾ ਤਸਕਰਾਂ ਨੂੰ ਨੱਥ ਪਾ ਕੇ ਸਰਕਾਰ ਦਾ ਵੱਕਾਰ ਬਹਾਲ ਕਰਨਾ ਚਾਹੁੰਦੇ ਹਨ।


ਕੈਪਟਨ ਨੇ ਸ਼ਨੀਵਾਰ ਨੂੰ ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਨਾਲ ਮੀਟਿੰਗ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨੱਥ ਪਾਉਣ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨਸ਼ਿਆਂ ਦੀ ਤਸਕਰੀ ਨਾਲ ਕਿਸੇ ਪੱਖ ਤੋਂ ਜੁੜੇ ਹੋਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਬਾਰੇ ਵੀ ਗੌਰ ਕੀਤਾ ਗਿਆ। ਇਸ ਲਈ ਨਸ਼ੇ ਦੇ ਸੌਦਾਗਰਾਂ ਵਿਰੁੱਧ ਫਿਰ ਸਖ਼ਤ ਮੁਹਿੰਮ ਚਲਾਈ ਜਾਵੇਗੀ।

ਦਰਅਸਲ ਕੈਪਟਨ ਸਰਕਾਰ ਵੱਲੋਂ ਸਿੱਧੂ ਤੋਂ ਐਸਟੀਐਫ ਦੀ ਕਮਾਨ ਵਾਪਸ ਲੈਣ ਦੀ ਬੜੀ ਅਲੋਚਨਾ ਹੋਈ ਸੀ। ਉਸ ਮਗਰੋਂ ਦੋ ਸੀਨੀਅਰ ਅਫਸਰਾਂ ਨੂੰ ਐਸਟੀਐਫ ਦੀ ਕਮਾਨ ਸੌਂਪੀ ਪਰ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਉਵੇਂ ਹੀ ਵਗਦਾ ਰਿਹਾ। ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਵਧਣ ਤੇ ਪਿਛਲੇ ਦਿਨਾਂ ’ਚ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੀਆਂ ਰਿਪੋਰਟਾਂ ਤੋਂ ਬਾਅਦ ਸਰਕਾਰ ਕਸੂਤੀ ਘਿਰ ਗਈ ਸੀ। ਕਾਂਗਰਸ ਦੇ ਆਪਣੇ ਲੀਡਰ ਹੀ ਕਹਿਣ ਲੱਗੇ ਸੀ ਕਿ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਮੁੱਦਾ ਹਾਈਕਮਾਨ ਕੋਲ ਵੀ ਪਹੁੰਚ ਗਿਆ ਹੈ।

ਸੂਤਰਾਂ ਮੁਤਾਬਕ ਕੈਪਟਨ-ਨਵਜੋਤ ਸਿੱਧੂ ਦੀ ਲੜਾਈ ਵਿੱਚ ਨਸ਼ਿਆਂ ਦਾ ਮੁੱਦਾ ਵੀ ਹਾਈਕਮਾਨ ਦੇ ਧਿਆਨ ਵਿੱਚ ਆਇਆ ਹੈ। ਇਸ ਮਗਰੋਂ ਕੈਪਟਨ ਕੋਲੋਂ ਇਸ ਬਾਰੇ ਪੁੱਛਿਆ ਵੀ ਗਿਆ। ਹੁਣ ਆਪਣੇ ਹੀ ਲੀਡਰਾਂ ਦੀ ਦਬਾਅ ਕਰਕੇ ਕੈਪਟਨ ਨੇ ਪੰਜਾਬ 'ਚੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਕਮਾਂਡ ਮੁੜ ਤੋਂ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਹੈ।

ਉਧਰ, ਸਰਕਾਰ ਵੱਲੋਂ ਐਸਟੀਐਫ ਦਾ ਮੁਖੀ ਬਦਲਣ ਸਬੰਧੀ ਅਚਨੇਚਤ ਲਏ ਗਏ ਫ਼ੈਸਲੇ ਨਾਲ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਵਿੱਚ ਕਾਫੀ ਚਰਚਾ ਹੈ। ਕੁਝ ਅਫਸਰ ਇਸ ਦੇ ਖਿਲਾਫ ਵੀ ਹਨ। ਇਸ ਲਈ ਕੈਪਟਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਅਧਿਕਾਰੀ ਸਿੱਧੂ ਦੀ ਨਿਯੁਕਤੀ ਤੋਂ ਖੁਸ਼ ਨਹੀਂ, ਉਹ ਕੇਂਦਰ ਵਿੱਚ ਡੈਪੂਟੇਸ਼ਨ 'ਤੇ ਜਾ ਸਕਦੇ ਹਨ। ਇਸ ਤੋਂ ਸਪਸ਼ਟ ਹੈ ਕਿ ਕੈਪਟਨ ਨੇ ਹਰਪ੍ਰੀਤ ਸਿੱਧੂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਇਸ ਲਈ ਹੁਣ ਕਈ ਸਿਆਸੀ ਹਸਤੀਆਂ ਤੇ ਅਫਸਰ ਵੀ ਅੜਿੱਕੇ ਆਉਣਗੇ।