ਚੰਡੀਗੜ੍ਹ: ਪੰਜਾਬ ਵਿੱਚੋਂ ਉੱਠੀ ਕਿਸਾਨ ਸੰਘਰਸ਼ ਦੀ ਚਿੰਗਾੜੀ ਹੁਣ ਦੇਸ਼ ਭਾਰ ਵਿੱਚ ਭਾਂਬੜ ਬਣਦੀ ਜਾ ਰਹੀ ਹੈ। ਇੱਕ ਵਾਰ ਫਿਰ ਪੰਜਾਬੀਆਂ ਨੇ ਸੰਘਰਸ਼ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ। ਦੇਸ਼ ਭਰ ਦੇ ਕਿਸਾਨਾਂ ਦੀ ਨਿਗ੍ਹਾ ਪੰਜਾਬ ਵੱਲ ਹੈ। ਭਾਰਤ ਸਰਕਾਰ ਵੀ ਪੰਜਾਬ ਵਿੱਚ ਮਘਦੇ ਜਾ ਰਹੇ ਸੰਘਰਸ਼ ਨੂੰ ਵੇਖ ਫਿਕਰਮੰਦ ਹੋਣ ਲੱਗੀ ਹੈ। ਮੋਦੀ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੀਜੇਪੀ ਲੀਡਰ ਕੋਲ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ।


ਇਸ ਬਾਰੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੀ ਕੌਮੀ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸਮੁੱਚੇ ਦੇਸ਼ ਦਾ ਕਿਸਾਨ ਹੁਣ ਅੰਦੋਲਨ ’ਚ ਕੁੱਦ ਪਿਆ ਹੈ। ਇਸ ਸੰਘਰਸ਼ੀ ਪਿੜ ’ਚ ਪੰਜਾਬ ਪੂਰੇ ਮੁਲਕ ਲਈ ਰਾਹ ਦਸੇਰਾ ਬਣਿਆ ਹੈ। ਪੰਜਾਬ ’ਚੋਂ ਤੇਜ਼ੀ ਨਾਲ ਉੱਭਰੇ ਕਿਸਾਨ ਅੰਦੋਲਨ ਨੇ ਸਮੁੱਚੀ ਕਿਸਾਨੀ ਨੂੰ ਹਲੂਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਕੂਮਤ ਇਸ ਅੰਦੋਲਨ ਨੂੰ ਪੰਜਾਬ ਤੇ ਹਰਿਆਣਾ ਤੱਕ ਸੀਮਤ ਦੱਸ ਕੇ ਝੂਠ ਬੋਲ ਰਹੀ ਹੈ ਜਦਕਿ ਦੱਖਣੀ ਭਾਰਤ ਦੇ ਸੂਬਿਆਂ ’ਚ ਵੀ ਅੰਦੋਲਨ ਪੂਰੀ ਤਰ੍ਹਾਂ ਭਖੇ ਹੋਏ ਹਨ।

ਉਨ੍ਹਾਂ ਦਾਅਵਾ ਕੀਤਾ ਗਿ ਦੇਸ਼ ਦੇ ਕਰੀਬ 20 ਸੂਬਿਆਂ ਵਿੱਚ ਕਿਸਾਨੀ ਅੰਦੋਲਨ ਭਖ ਚੁੱਕਾ ਹੈ। ਤਾਮਿਲ ਨਾਡੂ ਵਿੱਚ ਗਿਆਰਾਂ ਹਜ਼ਾਰ ਲੋਕਾਂ ਦੀ ਹਕੂਮਤ ਨੇ ਘੇਰਾਬੰਦੀ ਕੀਤੀ ਹੋਈ ਹੈ ਤੇ ਤਿੰਨ ਸੌ ਥਾਵਾਂ ’ਤੇ ਅੰਦੋਲਨ ਹੋਏ ਹਨ ਜਿਸ ਵਿੱਚ ਸੇਲਮ ਕੇਂਦਰ ਬਿੰਦੂ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਨਾਟਕ ਵਿੱਚ ਕਿਸਾਨ ਧਿਰਾਂ ਇਕਜੁੱਟ ਹੋ ਕੇ ਮੈਦਾਨ ਵਿਚ ਹਨ ਤੇ ਦੋ ਵਾਰ ਬੰਦ ਕਰਵਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਪੱਧਰ ’ਤੇ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਹ ਪ੍ਰਗਟਾਇਆ ਹੈ। ਯੂਪੀ, ਮੱਧ ਪ੍ਰਦੇਸ਼, ਤਿਲੰਗਾਨਾ, ਪੱਛਮੀ ਉੜੀਸਾ, ਛਤੀਸਗੜ੍ਹ ਸਮੇਤ ਹੋਰਨਾਂ ਸੂਬਿਆਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਉੱਠੀ ਕਿਸਾਨ ਆਵਾਜ਼ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਹੋ ਵਜ੍ਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ ਵਾਰ ਖੇਤੀ ਕਾਨੂੰਨਾਂ ਬਾਰੇ ਸਫ਼ਾਈ ਦੇਣੀ ਪੈ ਰਹੀ ਹੈ।