ਚੰਡੀਗੜ੍ਹ: ਭਾਰਤ ਦੀ ਵੱਡੀ ਉਡਾਣ ਕੰਪਨੀ ਜੈੱਟ ਏਅਰਵੇਜ਼ ਬੰਦ ਹੋਣ ਕਾਰਨ ਆਉਂਦੇ ਹਫ਼ਤਿਆਂ ਵਿੱਚ ਵਿਦੇਸ਼ ਜਾਣ ਵਾਲੇ ਵਿਅਕਤੀਆਂ ਨੂੰ ਵੱਡਾ ਝਟਕਾ ਸਹਿਣਾ ਪੈ ਸਕਦਾ ਹੈ। ਦਰਅਸਲ, ਜੈੱਟ ਏਅਰਵੇਅਜ਼ ਦੀਆਂ ਉਡਾਣਾਂ ਬੰਦ ਹੋਣ ਕਾਰਨ ਬੀਤੇ ਦੋ ਦਿਨਾਂ ਵਿੱਚ ਕੌਮਾਂਤਰੀ ਤੇ ਘਰੇਲੂ ਉਡਾਣਾਂ ਦੇ ਕਿਰਾਏ ਵਿੱਚ 100 ਤੋਂ 150 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਮਿਸਾਲ ਵਜੋਂ ਲੰਡਨ ਜਾਣ ਲਈ ਪਹਿਲਾਂ ਜੋ ਟਿਕਟ  30 ਤੋਂ 40 ਹਜ਼ਾਰ ਰੁਪਏ ਦੀ ਸੀ, ਹੁਣ ਇੱਕ ਲੱਖ ਤੋਂ ਟੱਪ ਗਈ ਹੈ।


ਕਿਰਾਇਆਂ ਵਿੱਚ ਅਚਾਨਕ ਹੋਏ ਵਾਧੇ ਦਾ ਹਜ਼ਾਰਾਂ ਵਿਦਿਆਰਥੀਆਂ ’ਤੇ ਅਸਰ ਪਿਆ ਹੈ ਜਿਨ੍ਹਾਂ ਨੇ ਕੈਨੇਡਾ ਲਈ ਜੈੱਟ ਏਅਰਵੇਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ ਤੇ ਮਈ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾਈ ਲਈ ਜਾਣਾ ਸੀ। ਜੈੱਟ ਏਅਰਲਾਈਨ ਦੇ ਸੈਰ ਸਪਾਟਾ ਸਨਅਤ ਦੇ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ ਇੱਕ ਮਹੀਨਾ ਪਹਿਲਾਂ ਏਅਰਲਾਈਨ ਦੀਆਂ ਟਿਕਟਾਂ ਖਰੀਦੀਆਂ ਸਨ, ਨੂੰ ਉਨ੍ਹਾਂ ਦਾ ਪੈਸਾ ਵਾਪਸ ਮੋੜਨ ਜਾਂ ਨਾ ਮੋੜਨ ਬਾਰੇ ਏਅਰਲਾਈਨ ਨੇ ਬਦਕਿਸਮਤੀ ਨਾਲ ਹਾਲੇ ਕੋਈ ਫੈਸਲਾ ਨਹੀਂ ਕੀਤਾ।

ਜੈੱਟ ਏਅਰਵੇਜ਼ ਦੇ ਸਾਰੇ ਮੁਸਾਫਰਾਂ ਨੂੰ ਐਮੀਰੇਟਸ, ਇਤਿਹਾਦ, ਕੇਐਲਐਮ, ਲਫਥਾਂਸਾ, ਏਅਰ ਕੈਨੇਡਾ ਤੇ ਚਾਈਨਾ ਸਾਊਦਰਨ ਏਅਰਲਾਈਨਜ਼ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਵਾਈ ਕਿਰਾਇਆਂ ਵਿੱਚ ਵਾਧਾ ਹੋਇਆ ਹੈ। ਜੈੱਟ ਏਅਰਲਾਈਨ ਰੋਜ਼ਾਨਾ 600 ਉਡਾਣਾਂ ਭਰਦੀ ਸੀ, ਜਿਸ ਦਾ ਬੋਝ ਹੁਣ ਹੋਰ ਉਡਾਣਾਂ 'ਤੇ ਪੈ ਰਿਹਾ ਹੈ।