ਤਖ਼ਤੀ 'ਤੇ ਇਹ ਲਿਖਿਆ ਗਿਆ ਹੈ, "ਤਖ਼ਤ ਸਾਹਿਬ 'ਤੇ ਪਤਿਤ ਤੇ ਤਨਖ਼ਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ, ਸਿੱਖ ਅਤੇ ਗ਼ੈਰ ਸਿੱਖ ਦੀ ਵੀ ਅਰਦਾਸ ਹੋ ਸਕਦੀ ਹੈ। (ਪੰਨਾ 15, ਸਿੱਖ ਰਹਿਤ ਮਰਿਆਦਾ)।" ਸ੍ਰੀ ਅਕਾਲ ਤਖ਼ਤ ਵਿਖੇ ਇਹ ਨਵਾਂ ਬੋਰਡ ਕੁਝ ਦਿਨ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਅਜਿਹਾ ਬੋਰਡ ਪਹਿਲਾਂ ਵੀ ਲੱਗਾ ਹੁੰਦਾ ਸੀ, ਸ਼ਾਇਦ ਖਰਾਬ ਹੋਣ ਕਰਕੇ ਉੱਤਰ ਗਿਆ ਹੋਵੇਗਾ ਅਤੇ ਹੁਣ ਉਸ ਦੀ ਥਾਂ ’ਤੇ ਹੁਣ ਨਵਾਂ ਬੋਰਡ ਸਥਾਪਤ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਰਹਿਤ ਮਰਿਆਦਾ ਵਿੱਚ ਗ਼ੈਰ ਸਿੱਖ ਨੂੰ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਾਉਣ ਦੀ ਕੋਈ ਮਨਾਹੀ ਨਹੀਂ ਪਰ ਪਤਿਤ ਤੇ ਤਨਖਾਹੀਆ ਸਿੱਖ ਦੀ ਕੜਾਹ ਪ੍ਰਸਾਦਿ ਦੀ ਦੇਗ ਪ੍ਰਵਾਨ ਨਹੀਂ ਕੀਤੀ ਜਾਂਦੀ ਹੈ।
ਇਸ ਤੋਂ ਪਹਿਲਾਂ ਗ਼ੈਰ ਸਿੱਖ ਤੇ ਪਤਿਤ ਸਿੱਖਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮੱਤਦਾਨ ਕਰਨ 'ਤੇ ਵੀ ਰੋਕ ਲੱਗੀ ਹੋਈ ਹੈ। ਗੁਰਮਤਿ ਰਹਿਤ ਮਰਿਆਦਾ ਮੁਤਾਬਕ ਪਤਿਤ ਸਿੱਖ ਨੂੰ ਸਰੋਪਾ ਭੇਟ ਕਰਨ 'ਤੇ ਵੀ ਮਨਾਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਜਿਹੀਆਂ ਪੰਥਕ ਪਾਰਟੀਆਂ ਵੀ ਇਸ ਮਰਿਆਦਾ ਦੀ ਉਲੰਘਣਾ ਅਕਸਰ ਕਰਦੀਆਂ ਰਹਿੰਦੀਆਂ ਹਨ।