ਪਰਮਜੀਤ ਸਿੰਘ
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣਾ ਅਹੁਦਾ ਛੇਤੀ ਹੀ ਤਿਆਗ ਸਕਦੇ ਹਨ। ਹੁਣ ਨਵੇਂ ਜਥੇਦਾਰ ਦੀ ਭਾਲ ਵੀ ਤੇਜ਼ ਹੋ ਗਈ ਹੈ। 'ਏਬੀਪੀ ਸਾਂਝਾ' ਨਾਲ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਹੁਣ ਸਾਥ ਨਹੀਂ ਦਿੰਦੀ ਤੇ ਉਹ ਇਸ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਬਹੁਤੀ ਦੇਰ ਕੰਮ ਨਹੀਂ ਕਰ ਸਕਦੇ।
ਉਹ ਅਜਿਹਾ ਕਦੋਂ ਕਰਨਗੇ, ਇਸ ਸਬੰਧੀ ਹਾਲੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਪਰ ਸੰਭਾਵਨਾਵਾਂ ਹਨ ਕਿ ਗਿਆਨੀ ਗੁਰਬਚਨ ਸਿੰਘ ਆਉਂਦੀ ਦੀਵਾਲੀ ਤੋਂ ਪਹਿਲਾਂ ਅਹੁਦੇ ਤੋਂ ਫਾਰਗ ਹੋ ਜਾਣਗੇ। ਉਨ੍ਹਾਂ ਇਸ ਸਬੰਧੀ ਆਪਣੀ ਲੀਡਰਸ਼ਿਪ ਨੂੰ ਵੀ ਸੂਚਿਤ ਕਰ ਦਿੱਤਾ ਹੈ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੇਂ ਜਥੇਦਾਰ ਨੂੰ ਨਿਯੁਕਤ ਕਰੇਗੀ ਪਰ ਬਾਦਲ ਪਰਿਵਾਰ ਇਸ ਕਾਰਜ ਵਿੱਚ ਜੁਟਿਆ ਹੋਇਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਭਰੋਸੇਮੰਦ ਜਥੇਦਾਰ ਲੱਭਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੀਨੀਅਰ ਲੀਡਰਾਂ ਨੇ ਕਈ ਨਾਂਅ ਸੁਝਾਏ ਗਏ ਹਨ ਪਰ ਬਾਦਲ ਪਰਿਵਾਰ ਨੂੰ ਕੋਈ ਢੁੱਕਵਾਂ ਚਿਹਰਾ ਨਹੀਂ ਮਿਲ ਰਿਹਾ।
ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਤੇ ਗੋਲ਼ੀਕਾਂਡਾਂ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਵਿੱਚ ਅਕਾਲੀ ਦਲ ਦਾ ਅਕਸ ਵਿਗੜਣ ਕਾਰਨ ਬਾਦਲ ਪਰਿਵਾਰ ਹੁਣ ਅਜਿਹੀ 'ਆਗਿਆਕਾਰੀ' ਸ਼ਖ਼ਸੀਅਤ ਦੀ ਤਲਾਸ਼ ਵਿੱਚ ਹੈ ਜਿਸ ਕੋਲ ਪੁਰਾਣੇ ਦਾਗ਼ ਧੋਣ ਦੀ ਸਮਰਥਾ ਵੀ ਹੋਵੇ। ਸੂਤਰਾਂ ਮੁਤਾਬਕ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿੱਚ ਕਾਮਯਾਬੀ ਮਿਲੀ ਤਾਂ ਇਸ ਵਾਰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਨਵਾਂ ਜਥੇਦਾਰ ਦੇਵੇਗਾ।
ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਜੇਕਰ ਜਥੇਦਾਰ ਵੱਲੋਂ ਅਸਤੀਫ਼ੇ ਸਬੰਧੀ ਕੋਈ ਗੱਲ ਰੱਖਣਗੇ ਤਾਂ ਉਸ ’ਤੇ ਵਿਚਾਰ ਕੀਤੀ ਜਾਵੇਗੀ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਲੌਂਗੋਵਾਲ ਨੇ ਬੀਤੇ ਕੱਲ੍ਹ ਹੀ ਜਥੇਦਾਰ ਨੂੰ ਨਾ ਬਦਲਣ ਦੀ ਗੱਲ ਕਹੀ ਸੀ। ਪਰ ਅਗਲੇ ਹੀ ਦਿਨ ਗੁਰਬਚਨ ਸਿੰਘ ਵੱਲੋਂ ਅਸਤੀਫ਼ੇ ਦਿੱਤੇ ਜਾਣ ਸਬੰਧੀ ਖ਼ਬਰਾਂ ਆ ਗਈਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਚਰਚਾ ਵਿੱਚ ਆਏ ਸਨ। ਹੁਣ ਅਗਸਤ 2018 ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਬਾਰੇ ਰਿਪੋਰਟ ਤੋਂ ਬਾਅਦ ਉਨ੍ਹਾਂ ਦਾ ਨਾਂਅ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਗਿਆਨੀ ਗੁਰਬਚਨ ਸਿੰਘ ਉੱਪਰ ਸਿਆਸੀ ਦਬਾਅ ਹੇਠ ਕੰਮ ਕਰਨ ਅਤੇ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੀ ਮਰਿਆਦਾ ਦਾ ਵੀ ਖ਼ਿਆਲ ਨਾ ਕਰਨ ਵਰਗੇ ਇਲਜ਼ਾਮ ਲੱਗੇ ਹਨ।