ਅੰਮ੍ਰਿਤਸਰ: ਆਪ੍ਰੇਸ਼ਨ ਬਲੂ ਸਟਾਰ ਦੀ ਚੌਂਤੀਵੀ ਯਾਦ 'ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸੰਗਤ ਦੇ ਨਾਂਅ ਸੰਦੇਸ਼ ਜਾਰੀ ਕੀਤਾ ਹੈ। ਸਿੰਘ ਸਾਹਬ ਨੇ ਸਿੱਖ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।   ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਛੇ ਜੂਨ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਹਮਲਾ ਕਰ ਕੇ ਗੋਲ਼ੀਆਂ ਤੇ ਟੈਂਕਾਂ ਨਾਲ ਹਮਲਾ ਕੀਤਾ ਸੀ, ਜਿਸ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹਾਦਤ ਪ੍ਰਾਪਤ ਹੋਈ ਸੀ। ਜਥੇਦਾਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿੰਡਰਾਂਵਾਲੇ ਦੀ ਬਰਸੀ ਮਨਾਉਣ ਤੇ ਘੱਟੂਘਾਰਾ ਦੇ ਸਬੰਧ ਵਿੱਚ ਛੇ ਜੂਨ ਵਾਲੇ ਦਿਨ ਪਾਠ ਦੇ ਭੋਗ ਪਾਏ ਜਾਂਦੇ ਹਨ। ਅਕਸਰ ਸਮਾਗਮ ਤੋਂ ਬਾਅਦ ਖ਼ਾਲਿਸਤਾਨ ਪੱਖੀ ਨਾਅਰੇ ਲਾਏ ਜਾਂਦੇ ਹਨ। ਸਿੰਘ ਸਾਹਬ ਨੇ ਅਜਿਹੇ ਨਾਅਰਿਆਂ ਤੋਂ ਸਿੱਖ ਸੰਗਤ ਨੂੰ ਪਰਹੇਜ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਅਪੀਲ ਕੀਤੀ ਕਿ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਨਾਅਰਾ ਨਾ ਲਾਇਆ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਿਆ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਤ ਨਾਰਾਇਣ ਵੱਲੋਂ ਗੁਰਬਾਣੀ ਨਾਲ ਕੀਤੀ ਛੇੜਛਾੜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਪੰਜ ਸਿੰਘਾਂ ਦੀ ਇਕੱਤਰਤਾ ਵਿੱਚ ਫੈਸਲਾ ਲਿਆ ਜਾਵੇਗਾ।