ਚੰਡੀਗੜ੍ਹ: ਸ਼ਾਹਕੋਟ ਚੋਣ ਜਿੱਤਣ ਮਗਰੋਂ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਸਾਲ 'ਚ ਦੂਜੀ ਵਾਰ ਬੱਸ ਕਰਾਇਆ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਏਸੀ ਤੇ ਆਮ ਬੱਸਾਂ ਦੇ ਕਿਰਾਏ ਵਿੱਚ 6 ਪੈਸਿਆਂ ਦੀ ਵਾਧਾ ਕੀਤਾ ਹੈ। ਸਰਕਾਰ ਵੱਲੋਂ ਇੱਕ ਸਾਲ ਵਿੱਚ ਦੂਜੀ ਵਾਰ ਬੱਸਾਂ ਦੇ ਕਿਰਾਏ ਵਧਾਏ ਗਏ ਹਨ।   ਪਹਿਲੀ ਜੂਨ ਤੋਂ ਸਰਕਾਰ ਨੇ ਸਾਢੇ 3 ਮਹੀਨਿਆਂ ਬਾਅਦ ਕਿਰਾਏ ਵਧਾ ਕੇ ਯਾਤਰਾ ਦੀ ਲਾਗਤ 110 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤੀ। ਇਸ ਤੋਂ ਪਹਿਲਾਂ ਫਰਵਰੀ, 2017 ਵਿੱਚ ਬੱਸਾਂ ਦੇ ਕਿਰਾਏ ਵਿੱਚ 3 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਨਾਲ ਆਮ ਐਚਵੀਏਸੀ (ਹੀਟਿੰਗ, ਵੈਂਟੀਲੇਸ਼ਨ ਤੇ ਏਅਰ ਕੰਡੀਸ਼ਨਿੰਗ) ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀ ਨੂੰ 132 ਰੁਪਏ ਪ੍ਰਤੀ ਕਿੱਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਦੇਣਾ ਪਵੇਗਾ। ਇਸ ਇਸ ਲਈ ਕਿਉਂਕਿ ਇਨ੍ਹਾਂ ਬੱਸਾਂ ਵਿੱਚ 20 ਫ਼ੀਸਦੀ ਵਧੇਰੇ ਕਿਰਾਇਆ ਵਸੂਲਿਆ ਜਾਂਦਾ ਹੈ। ਇੰਟੈਗਰਲ ਕੋਚ ਵਰਗੀਆਂ ਮਹਿੰਗੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ 198 ਪੈਸੇ ਪ੍ਰਤੀ ਕਿਲੋਮੀਟਰ ਤੇ ਸੁਪਰ ਇੰਟਟੈਗਰਲ ਕੋਚ ਵਿੱਚ ਸਫ਼ਰ ਕਰਲ ਵਾਲੇ ਯਾਤਰੀਆਂ ਨੂੰ 220 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਦੇਣਾ ਪਵੇਗਾ ਜੋ ਆਮ ਬੱਸਾਂ ਨਾਲੋਂ ਲਗਪਗ ਦੋ ਗੁਣਾਂ ਜ਼ਿਆਦਾ ਹੈ। ਪੰਜਾਬ ਸਰਕਾਰ ਦੇ ਇਹ ਕਦਮ ਲੋਕਾਂ ਨੂੰ ਭਾਵੇਂ ਪਰੇਸ਼ਾਨ ਕਰ ਸਕਦਾ ਹੈ ਪਰ ਇਸ ਨਾਲ ਪੈਪਸੂ ਰੋਡ ਟਰਾਂਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੂੰ ਕੁਝ ਰਾਹਤ ਜ਼ਰੂਰ ਮਿਲੇਗੀ, ਜੋ ਗੰਭੀਰ ਵਿੱਤੀ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਇਸ ਵਾਧੇ ਨਾਲ ਪੀਆਰਟੀਸੀ ਨੂੰ 6 ਲੱਖ ਪ੍ਰਤੀ ਦਿਨ ਦਾ ਮੁਨਾਫ਼ਾ ਹੋਏਗਾ ਜੋ ਮਹੀਨੇ ਵਿੱਚ 1.80 ਕਰੋੜ ਤੇ ਸਾਲ ਦਾ 21.60 ਕਰੋੜ ਰੁਪਏ ਬਣੇਗਾ। ਇਸ ਵਾਧੇ ਨਾਲ ਸਰਕਾਰ ਨੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਤੋਂ ਰਾਹਤ ਦੇਣ ਦੀ ਬਜਾਇ ਉਲਟਾ ਉਨ੍ਹਾਂ ’ਤੇ ਹੋਰ ਬੋਝ ਪਾ ਦਿੱਤਾ ਹੈ।