Punjab News: ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਿਖ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਰਹਿ ਚੁਕੇ ਹਨ, ਨੇ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਵੀ ਸਿੱਖ ਗੁਰੂ ਨੇ ਨਹੀਂ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਸ਼ਬਦ 1840 ਤੋਂ ਪਹਿਲਾਂ ਮੌਜੂਦ ਨਹੀਂ ਸੀ ਤੇ 1920 ਤੋਂ ਪਹਿਲਾਂ ਛਪੀ ਕਿਸੇ ਵੀ ਕਿਤਾਬ ਵਿੱਚ ਇਹ ਸ਼ਬਦ ਨਹੀਂ ਮਿਲਦਾ। ਡਾ. ਦਿਲਗੀਰ ਇਹ ਬਿਆਨ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕੰਫਰੰਸ ਦੌਰਾਨ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਜੇ ਕੋਈ ਇਹ ਸਾਬਤ ਕਰ ਦੇ ਕਿ ਅਕਾਲ ਤਖ਼ਤ ਕਿਸੇ ਗੁਰੂ ਨੇ ਬਣਾਇਆ ਸੀ, ਤਾਂ ਉਹ ਉਸਨੂੰ 10 ਲੱਖ ਰੁਪਏ ਦਾ ਇਨਾਮ ਦੇਣਗੇ।
ਉਨ੍ਹਾਂ ਮੁਤਾਬਕ, ਇਸ ਵਿਸ਼ੇ 'ਤੇ ਗਹਿਰਾ ਅਧਿਐਨ ਕਰਨ ਦੇ ਬਾਅਦ ਉਨ੍ਹਾਂ ਨੇ ਕਈ ਤੱਥ ਇਕੱਠੇ ਕੀਤੇਅਤੇ ਫਿਰ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਨਾ ਤਾਂ ਅਕਾਲ ਤਖ਼ਤ ਤੇ ਨਾ ਹੀ ਇਸ ਸ਼ਬਦ ਦਾ ਕੋਈ ਵੀ ਸੰਬੰਧ ਗੁਰੂਆਂ ਦੇ ਸਮੇਂ ਨਾਲ ਸੀ।
ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਸ਼ਬਦ 1840 ਵਿੱਚ ਲਿਖੀ ਗਈ "ਗੁਰਬਿਲਾਸ ਪਾਤਸ਼ਾਹੀ ਛਠੀ" ਤੇ 1843 ਵਿੱਚ ਲਿਖੀ ਗਈ "ਗੁਰੂ ਪ੍ਰਤਾਪ ਸੂਰਜ" ਵਿੱਚ ਨਿਰਮਲੇ ਪੁਜਾਰੀਆਂ ਵੱਲੋਂ ਘੜਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਪ੍ਰਭੂ ਦਾ ਤਖ਼ਤ ਹੈ।
ਡਾ. ਦਿਲਗੀਰ ਨੇ ਦੱਸਿਆ ਕਿ ਅਕਾਲ ਤਖ਼ਤ ਦੀ ਇਮਾਰਤ ਅਸਲ ਵਿੱਚ ਅਕਾਲੀਆਂ ਦਾ ਬੁੰਗਾ (ਰਿਹਾਇਸ਼ੀ ਸਥਾਨ) ਸੀ। 1840 ਵਿੱਚ ਪੁਜਾਰੀਆਂ ਨੇ ਇਸ 'ਤੇ ਕਬਜ਼ਾ ਕਰਕੇ ਇਸਨੂੰ ਅਕਾਲੀ ਤਖ਼ਤ ਬਣਾਉਣ ਦੀ ਸਾਜਿਸ਼ ਰਚੀ ਫਿਰ ਵੀ 1920 ਤੱਕ ਅਕਾਲ ਤਖ਼ਤ ਸ਼ਬਦ ਦਾ ਕੋਈ ਜ਼ਿਕਰ ਨਹੀਂ ਮਿਲਦਾ। 1920 ਤੋਂ 1979 ਤੱਕ ਵੀ ਅਕਾਲ ਤਖ਼ਤ ਦੇ ਨਾਮ ਉੱਤੇ ਕੋਈ ਗਤੀਵਿਧੀ ਦਰਜ ਨਹੀਂ ਹੋਈ।
ਡਾ. ਦਿਲਗੀਰ ਨੇ ਇਹ ਵੀ ਕਿਹਾ ਕਿ ਇਸਨੂੰ ਤਖ਼ਤ ਬਣਾਕੇ ਖਾਲਿਸਤਾਨੀ ਅੰਦੋਲਨ ਦੌਰਾਨ ਅਕਾਲੀਆਂ ਤੇ ਸਰਕਾਰਾਂ ਨੂੰ ਡਰਾਉਣ ਲਈ ਵਰਤਿਆ ਗਿਆ। ਖਾਲਿਸਤਾਨੀ ਅੰਦੋਲਨ ਦੇ ਪਤਨ ਦੇ ਬਾਅਦ 1993 ਵਿੱਚ ਇਸਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੇ ਨਿਯੰਤਰਣ ਵਿੱਚ ਲੈ ਲਿਆ ਤੇ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਇਸਦਾ ਇਸਤੇਮਾਲ ਕੀਤਾ। ਅੱਜ ਇਹ ਡਰਾਉਣ ਦਾ ਹਥਿਆਰ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਹੀ ਮੁਸੀਬਤ ਬਣਦਾ ਜਾ ਰਿਹਾ ਹੈ।