ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਅਕਾਲੀ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਭਰਮਾਉਣ ਲਈ ਨਵੇਂ-ਨਵੇਂ ਸ਼ਗੂਫੇ ਛੱਡਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਜਲਦ ਹੀ ਸੂਬੇ ਭਰ ਦੇ ਪਿੰਡਾਂ ਵਿੱਚ "ਸੋਲਰ ਪਿੰਡ ਮੁਹਿੰਮ" ਸ਼ੁਰੂ ਕਰਨ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕੀਤਾ ਹੈ।
ਵਲਟੋਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ "ਸੋਲਰ ਪਿੰਡ" ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ ਸੂਬੇ ਦੇ ਸਾਰੇ ਪਿੰਡਾਂ ਨੂੰ ਰਾਤ ਵੇਲੇ ਸੋਲਰ ਲਾਈਟਾਂ ਦੀ ਮਦਦ ਨਾਲ ਰੋਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਸਰਹੱਦੀ ਤੇ ਕੰਢੀ ਖੇਤਰ ਦੇ ਪਿੰਡਾਂ ਵਿੱਚ ਪਹਿਲ ਦੇ ਅਧਾਰ 'ਤੇ ਸੋਲਰ ਲਾਈਟਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਤਿਹਾਸਕ ਪਿੰਡਾਂ ਵਿੱਚ ਵੀ ਇਹ ਲਾਈਟਾਂ ਪਹਿਲ ਦੇ ਅਧਾਰ 'ਤੇ ਹੀ ਲਾ ਦਿੱਤੀਆਂ ਜਾਣਗੀਆਂ।
ਵਲਟੋਹਾ ਮੁਤਾਬਕ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਲਾਈਟਾਂ ਨਾਲ ਸੁਵਿਧਾ ਮਿਲੇਗੀ, ਉੱਥੇ ਹੀ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸੁਰੱਖਿਆ ਦਸਤਿਆਂ ਨੂੰ ਵੀ ਇਨ੍ਹਾਂ ਲਾਈਟਾਂ ਨਾਲ ਕਾਫੀ ਲਾਭ ਮਿਲੇਗਾ। ਇਹ ਲਾਈਟਾਂ ਗਰਿੱਡ ਫੇਲ੍ਹ ਹੋਣ ਜਾਣ ਤੋਂ ਬਾਅਦ ਵੀ ਜਾਗਦੀਆਂ ਰਹਿਣਗੀਆਂ। ਵਲਟੋਹਾ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਸੂਰਜੀ ਐਲ.ਈ.ਡੀ. ਲਾਈਟਾਂ ਪਹਿਲ ਦੇ ਆਧਾਰ ’ਤੇ ਲਾਈਆਂ ਜਾ ਰਹੀਆਂ ਹਨ, ਉਨ੍ਹਾਂ ਪਿੰਡਾਂ ਨੂੰ ਪ੍ਰਤੀ ਲਾਈਟ 1500 ਰੁਪਏ ਦੀ ਅਦਾਇਗੀ ਕਰਨੀ ਪਵੇਗੀ। ਬਾਕੀ 13400 ਰੁਪਏ ਦੀ ਰਾਸ਼ੀ ਰਾਜ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ।