ਫਰੀਦਕੋਟ: ਚੈੱਕ ਬਾਊਂਸ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਪੁੱਤਰ ਨੂੰ ਜੇਲ੍ਹ ਹੋ ਗਈ ਹੈ। ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਭੋਲੂਵਾਲਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਦੇ ਪੁੱਤਰ ਰਮਨਦੀਪ ਸਿੰਘ ਭੋਲੂਵਾਲਾ ਨੂੰ ਹੇਠਲੀ ਅਦਾਲਤ ਤੋਂ ਸਾਰੇ ਕੇਸਾਂ 'ਚ ਮਿਲੀ 1-1 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਖਿਲਾਫ਼ ਪਾਈ ਅਪੀਲ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।

ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਾਜਵਿੰਦਰ ਕੌਰ ਦੀ ਅਦਾਲਤ ਨੇ ਰਾਈਸ ਮਿਲ 'ਚ ਮਿਲਿੰਗ ਲਈ ਰੱਖੇ ਗਏ ਸਰਕਾਰੀ ਏਜੰਸੀ ਪਨਸਪ ਦੇ ਝੋਨੇ ਦੀ ਰਿਕਵਰੀ ਦੇ ਰੂਪ 'ਚ ਵਿਭਾਗ ਨੂੰ ਦਿੱਤੇ 2.06 ਕਰੋੜ ਦੀ ਰਕਮ ਦੇ 5 ਚੈੱਕ ਬਾਊਂਸ ਹੋਣ ਕਾਰਲ ਰਮਨਦੀਪ ਸਿੰਘ ਭੋਲੂਵਾਲਾ ਨੂੰ ਸ਼ਜਾ ਸੁਣਾਈ ਗਈ ਸੀ। ਰਮਨਦੀਪ ਨੂੰ ਇਸੇ ਸਾਲ 10 ਜਨਵਰੀ ਨੂੰ ਇਹ ਸਜ਼ਾ ਸੁਣਾਈ ਗਈ ਸੀ ਜਿਸ ਖਿਲਾਫ਼ ਜ਼ਿਲ੍ਹਾ ਅਦਾਲਤ 'ਚ ਅਪੀਲ ਦਾਇਰ ਕੀਤੀ ਸੀ।

ਹਾਸਲ ਜਾਣਕਾਰੀ ਮੁਤਾਬਕ ਪਨਸਪ ਏਜੰਸੀ ਨੇ ਅਕਤੂਬਰ 2011 'ਚ ਸ਼੍ਰੋਮਣੀ ਅਕਾਲੀ ਦਲ ਨੇਤਾ ਹਰਜੀਤ ਸਿੰਘ ਭੋਲੂਵਾਲਾ ਦੀ ਪਤਨੀ ਤੇ ਪੁੱਤਰ ਦੇ ਨਾਮ 'ਤੇ ਫਰੀਦਕੋਟ 'ਚ ਸਥਿਤ ਰਾਈਮ ਮਿਲ 'ਚ ਮਿਲਿੰਗ ਦੇ ਲਈ 1.11 ਲੱਖ ਝੋਨੇ ਦੇ ਗੁੱਟੇ ਲਵਾਏ ਸੀ ਜਿਸ ਨੂੰ ਉਸ ਨੇ ਵਿਭਾਗ ਨੂੰ ਮਿਲਿੰਗ ਕਰਕੇ ਵਾਪਸ ਕਰਨ ਦੀ ਥਾਂ ਉਸ ਨੂੰ ਖੁਰਦ-ਬੁਰਦ ਕਰ ਦਿੱਤਾ।

ਝੋਨੇ ਦੀ ਰਕਮ ਦੀ ਵਸੂਲੀ ਲਈ ਵਿਭਾਗ ਵੱਲੋਂ ਦਬਾਅ ਬਣਾਏ ਜਾਣ 'ਤੇ ਮਿਲ ਦੇ ਮਾਲਕਾਂ ਨੇ ਰਮਨਦੀਪ ਸਿੰਘ ਤੇ ਗੁਰਿੰਦਰ ਕੌਰ ਨੇ ਪਨਸਪ ਨੂੰ 50-50 ਲੱਖ ਦੇ ਤਿੰਨ ਤੇ 28-28 ਲੱਖ ਰੁਪਏ ਦੇ ਦੋ ਚੈੱਕ ਸੌਪੇ ਜੋ ਬੈਂਕ 'ਚ ਲਾਏ ਜਾਣ 'ਤੇ ਖਾਤੇ 'ਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਏ। ਚੈੱਕ ਬਾਊਂਸ ਹੋਣ ਤੋਂ ਬਾਅਦ ਵਿਭਾਗ ਨੇ ਉਨ੍ਹਾਂ ਨੂੰ ਲੀਗਲ ਨੋਟਿਸ ਜਾਰੀ ਕਰਨ ਤੋਂ ਬਾਅਦ ਅਦਾਲਤ 'ਚ ਪੰਜ ਕੇਸ ਦਾਇਰ ਕਰ ਦਿੱਤੇ।