ਚੰਡੀਗੜ੍ਹ: ਕਾਂਗਰਸ ਨੇ ਮੌਕਾ ਮਿਲਦਿਆਂ ਹੀ ਆਪਣੇ ਸਭ ਤੋਂ ਵੱਡੇ ਅਲੋਚਕ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ 'ਤੇ ਤੋਪਾਂ ਤਾਣ ਦਿੱਤੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਨਸ਼ੇ ਦੇ ਮਾਮਲੇ ਵਿੱਚ ਫਾਜ਼ਿਲਕਾ ਦੀ ਅਦਾਲਤ ਵੱਲੋਂ ਖਹਿਰਾ ਨੂੰ ਸੰਮਨ ਜਾਰੀ ਕੀਤੇ ਜਾਣ ਮਗਰੋਂ ਉਹ ਨੈਤਿਕ ਆਧਾਰ ’ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਵਜੋਂ ਬਣੇ ਰਹਿਣ ਦਾ ਆਪਣਾ ਹੱਕ ਗਵਾ ਚੁੱਕੇ ਹਨ।

ਖਹਿਰਾ ਨੂੰ ਤੁਰੰਤ ਅਸਤੀਫਾ ਦੇਣ ਲਈ ਆਖਦੇ ਹੋਏ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਗੰਭੀਰ ਇਲਜ਼ਾਮ ਲੱਗੇ ਹਨ ਜਿਸ ਕਰਕੇ ਉਸ ਨੂੰ ਸਾਰੀਆਂ ਸਿਆਸੀ ਤੇ ਸੰਵਿਧਾਨਕ ਆਹੁਦਿਆਂ ਤੋਂ ਤੁਰੰਤ ਹਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਾਵਾਈ ਦੇ ਹੇਠ ਪੰਜਾਬ ਦੀ ਸਿਆਸੀ ਪ੍ਰਣਾਲੀ ਵਿੱਚ ਇਸ ਤਰ੍ਹਾਂ ਦੇ ਅਪਰਾਧੀਆਂ ਲਈ ਕੋਈ ਥਾਂ ਨਹੀਂ।

ਖਹਿਰਾ ’ਤੇ ਤਿੱਖਾ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਦੇ ਮਾਮਲੇ ’ਤੇ ਕੈਪਟਨ ਸਰਕਾਰ ’ਤੇ ਆਮ ਆਦਮੀ ਪਾਰਟੀ ਦਾ ਆਗੂ ਕਿਸ ਮੂੰਹ ਨਾਲ ਸਵਾਲੀਆ ਨਿਸ਼ਾਨ ਲਾ ਰਿਹਾ ਹੈ ਜਦਕਿ ਉਸ ਦਾ ਆਪਣਾ ਪਿਛੋਕੜ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਨਾਲ ਦਾਗੀ ਹੋਇਆ ਪਇਆ ਹੈ। ਜਾਖੜ ਨੇ ਕਿਹਾ ਕਿ ਸੂਬਾ ਵਿਧਾਨ ਸਭਾ ਦੇ ਵਿੱਚ ਤੇ ਬਾਹਰ ਸੂਬਾ ਸਰਕਾਰ ਨੂੰ ਨੁਕਰੇ ਲਾਉਣ ਦੀ ਖਹਿਰਾ ਦੀ ਕੋਸ਼ਿਸ਼ ਸ਼ਰਮਨਾਕ ਹੈ ਤੇ ਉਸ ਨੂੰ ਨਸ਼ਿਆਂ ਦੇ ਵਪਾਰੀਆਂ ਅਤੇ ਤਸਕਰਾਂ ਨਾਲ ਆਪਣੇ ਪਿਛਲੇ ਸਮੇਂ ਦੇ ਸੰਪਰਕਾਂ ਨੂੰ ਮੰਨਣਾ ਚਾਹੀਦਾ ਹੈ।

ਗੌਰਤਲਬ ਹੈ ਕਿ ਖਹਿਰਾ ਨੇ ਵਾਰ-ਵਾਰ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਸੂਬੇ ਵਿੱਚ ਨਸ਼ਾ ਮਾਫੀਆ ਲਗਾਤਾਰ ਸਰਗਰਮ ਹੈ। ਜਾਖੜ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਇਹ ਵਿਚਾਰ ਪੂਰੀ ਤਰ੍ਹਾਂ ਨਿੰਦਣਯੋਗ ਹਨ ਕਿਉਂਕਿ ਉਹ ਖੁਦ ਨਸ਼ਾ ਮਾਫੀਆ ਵਿੱਚ ਸ਼ਾਮਲ ਸੀ।