ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਨੂੰ ਆਖਿਆ ਹੈ ਕਿ ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 11 ਦੀ ਜ਼ਿਮਨੀ ਚੋਣ ਮੌਕੇ ਕਾਂਗਰਸੀ ਆਗੂਆਂ ਵੱਲੋਂ ਕੀਤੀ ਧੱਕੇਸ਼ਾਹੀ ਤੇ ਹੇਰਾਫੇਰੀ ਦੇ ਮੱਦੇਨਜ਼ਰ ਇਸ ਚੋਣ ਨੂੰ ਤੁਰੰਤ ਰੱਦ ਕਰਕੇ ਮੁੜ ਚੋਣ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਦੋਸ਼ੀ ਸਿਵਲ ਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

ਸੂਬਾਈ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਦੇ ਨਾਲ ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਦੀਆਂ ਘਟਨਾਵਾਂ ਦੀ ਵੀਡੀਓ ਵਾਲੀ ਸੀਡੀ ਸੌਂਪਦਿਆਂ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਜੇਤੂ ਐਲਾਨੇ ਕਾਂਗਰਸੀ ਉਮੀਦਵਾਰ ਵਿਵੇਕ ਸਿੰਗਲਾ ਦੀ ਚੋਣ ਰੱਦ ਕਰਕੇ ਮੁੜ ਚੋਣ ਕਰਵਾਈ ਜਾਵੇ ਤੇ ਸਮੁੱਚੇ ਸਥਾਨਕ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੂੰ ਬਦਲਿਆ ਜਾਵੇ। ਉਨ੍ਹਾਂ ਨੇ ਆਪਣੇ ਫਰਜ਼ਾਂ ਤੋਂ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਹਲਕਾ ਸ਼ੁਤਰਾਣਾ ਦੀ ਸਾਬਕਾ ਅਕਾਲੀ ਵਿਧਾਇਕ ਵਨਿੰਦਰ ਕੌਰ ਲੂੰਬਾ ਨੇ ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸਿੱਧੂ ਨੂੰ ਲਿਖ਼ਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਥਾਨਕ ਪ੍ਰਸਾਸ਼ਨ ਨੂੰ ਜ਼ਿਮਨੀ ਚੋਣ ਆਜ਼ਾਦਾਨਾ ਤੇ ਨਿਰਪੱਖ ਢੰਗ ਨਾਲ ਕਰਵਾਉਣ ਦੇ ਦਿੱਤੇ ਹੁਕਮਾਂ ਦੇ ਬਾਵਜੂਦ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੇ ਅਕਾਲੀ-ਭਾਜਪਾ ਉਮੀਦਵਾਰ ਸ਼ਿਵ ਚੰਦ (ਡੀਸੀ) ਨੂੰ ਨਾ ਸਿਰਫ ਚੋਣ ਮੈਦਾਨ ਵਿਚੋਂ ਹਟਣ ਲਈ ਦਬਕਾਇਆ ਤੇ ਧਮਕਾਇਆ, ਸਗੋਂ ਪੋਲਿੰਗ ਨਾਲੇ ਦਿਨ ਉਮੀਦਵਾਰ ਅਗਵਾ ਕਰ ਲਿਆ ਗਿਆ ਤਾਂ ਕਿ ਕਾਂਗਰਸੀ ਆਗੂ ਅਤੇ ਵਰਕਰ ਜਾਅਲੀ ਵੋਟਾਂ ਭੁਗਤਾ ਸਕਣ।

ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਜੈ ਪ੍ਰਤਾਪ ਸਿੰਘ ਉਰਫ ਡੇਜੀ ਦੀ ਅਗਵਾਈ ਵਿੱਚ 20-25 ਵਿਅਕਤੀਆਂ ਨੇ ਸ਼ਿਵ ਚੰਦ ਨੂੰ ਪੋਲਿੰਗ ਬੂਥ 20 ਵਿੱਚੋਂ ਜਬਰਦਸਤੀ ਚੁੱਕ ਲਿਆ ਤੇ ਉਸ ਦੀ ਕੁੱਟਮਾਰ ਕਰਕੇ ਕਮਰੇ ਵਿਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸੀਆਂ ਨੇ ਬੂਥ ਨੰਬਰ 19 ਤੇ 20 ਵਿਚ ਜਾਅਲੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਕਿਹਾ ਕਿ ਬੂਥ ਨੰਬਰ 20 ਉੱਤੇ ਪੋਲਿੰਗ ਏਜੰਟ ਵਜੋਂ ਬੈਠੀ ਉਮੀਦਵਾਰ ਦੀ ਬੇਟੀ ਦੀਪਿਕਾ ਨੂੰ ਕਾਂਗਰਸੀ ਵਰਕਰਾਂ ਨੇ ਘਸੀਟ ਕੇ ਬੂਥ ਵਿੱਚੋਂ ਬਾਹਰ ਕੱਢ ਦਿੱਤਾ। ਇਕ ਹੋਰ ਪੋਲਿੰਗ ਏਜੰਟ ਲੜਕੀ ਸੁਨੀਤਾ ਰਾਣੀ ਨਾਲ ਵੀ ਖਿੱਚ ਧੂਹ ਕੀਤੀ ਗਈ।