ਪੁਲਵਾਮਾ ਹਮਲੇ 'ਤੇ ਸਿੱਧੂ ਦੇ ਸਟੈਂਡ ਤੋਂ ਅਕਾਲੀ ਔਖੇ, ਮਜੀਠੀਆ ਨੇ ਕੀਤਾ ਹੰਗਾਮਾ
ਏਬੀਪੀ ਸਾਂਝਾ | 18 Feb 2019 12:20 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਜਿੰਨਾ ਸਮਾਂ ਕਾਂਗਰਸ ਸਰਕਾਰ ਨਵਜੋਤ ਸਿੱਧੂ ਵੱਲੋਂ ਪੁਲਵਾਮਾ ਹਮਲੇ ਬਾਰੇ ਕੀਤੀ ਬਿਆਨਬਾਜ਼ੀ 'ਤੇ ਆਪਣਾ ਸਟੈਂਡ ਸਪੱਸ਼ਟ ਨਹੀਂ ਕਰਦੀ, ਓਨਾ ਚਿਰ ਬਜਟ ਪੇਸ਼ ਨਹੀਂ ਹੋਣ ਦਿੱਤਾ ਜਾਵੇਗਾ। ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵਿਧਾਨ ਸਭਾ ਦੇ ਬਾਹਰ ਸਿੱਧੂ ਦੀਆਂ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀਆਂ ਤਸਵੀਰਾਂ ਨੂੰ ਅੱਗ ਲਾ ਕੇ ਸਾੜਿਆ। ਉਨ੍ਹਾਂ ਕਾਂਗਰਸ ਤੋਂ ਸਿੱਧੂ 'ਤੇ ਸਟੈਂਡ ਸਾਫ ਕਰਨ ਦੀ ਮੰਗ ਕੀਤੀ। ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਵੀ ਅਕਾਲੀ ਲੀਡਰ ਬਿਕਰਮ ਮਜੀਠੀਆ ਤੇ ਪਰਮਿੰਦਰ ਢੀਂਡਸਾ ਨੇ ਆਪਣੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨਾਲ ਰਲ ਕੇ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲੀਆਂ ਨੇ ਸਿੱਧੂ ਖ਼ਿਲਾਫ ਆਪਣਾ ਰੋਸ ਜ਼ਾਹਰ ਕਰਨ ਲਈ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ। ਇਸ ਦੌਰਾਨ ਕਿਸੇ ਵੀ ਕਾਂਗਰਸੀ ਵਿਧਾਇਕ ਨੇ ਸਿੱਧੂ ਦਾ ਸਾਥ ਦੇਣ ਲਈ ਅੱਗੇ ਨਹੀਂ ਆਇਆ। ਤਾਜ਼ਾ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣਾ ਬਜਟ ਭਾਸ਼ਣ ਆਰੰਭ ਕਰ ਦਿੱਤਾ ਹੈ ਤੇ ਅਕਾਲੀ ਦਲ ਨੇ ਸਿੱਧੂ ਦੀਆਂ ਪਾਕਿਸਤਾਨੀ ਫ਼ੌਜ ਮੁਖੀ ਤੇ ਉੱਥੋਂ ਦੇ ਵਿਵਾਦਤ ਸਿੱਖ ਲੀਡਰਾਂ ਦੀਆਂ ਤਸਵੀਰਾਂ ਦਿਖਾ ਕੇ ਵਿਰੋਧ ਜਤਾਇਆ ਤੇ ਕਾਫੀ ਰੌਲਾ ਪਾਇਆ। ਉੱਧਰ, ਆਮ ਆਦਮੀ ਪਾਰਟੀ ਇਸ ਮਸਲੇ 'ਤੇ ਆਮ ਆਦਮੀ ਪਾਰਟੀ ਨੇ ਸਦਨ ਵਿੱਚੋਂ ਵਾਕਆਊਟ ਹੀ ਕਰ ਦਿੱਤਾ।