ਚੰਡੀਗੜ੍ਹ: ਆਉਂਦੇ ਵਿੱਤੀ ਵਰ੍ਹੇ 2019-20 ਲਈ ਬਜਟ ਸੋਮਵਾਰ ਦੁਪਹਿਰ 12 ਕੁ ਵਜੇ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਿਆਉਣ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ- 1984 ਪੀੜਤਾਂ ਤੇ ਸ਼ਹੀਦਾਂ ਦੇ ਪਰਿਵਾਰਾਂ 'ਤੇ ਕੈਪਟਨ ਸਰਕਾਰ ਮਿਹਰਬਾਨ
ਵਿੱਤ ਮੰਤਰੀ ਮੁਤਾਬਕ ਜੀਐਸਟੀ ਕਾਰਨ ਸੂਬਾ ਸਰਕਾਰ ਦੀ ਕਮਾਈ ਵਿੱਚ ਤਕਰੀਬਨ 14% ਵਾਧਾ ਹੋਇਆ ਹੈ। ਇਸ ਲਈ ਲੋਕਾਂ ਨੂੰ ਨਵੇਂ ਟੈਕਸ ਜਾਂ ਪੁਰਾਣਿਆਂ ਵਿੱਚ ਵਾਧਾ ਕੀਤੇ ਜਾਣ ਤੋਂ ਰਾਹਤ ਰਹਿਣ ਦੀ ਆਸ ਹੈ। ਹਾਲਾਂਕਿ, ਮਨਪ੍ਰੀਤ ਬਾਦਲ ਨੇ ਆਪਣੇ ਪਿਛਲੇ ਬਜਟ ਵਿੱਚ ਨਵਾਂ ਵਿਕਾਸ ਕਰ ਠੋਕ ਦਿੱਤਾ ਸੀ, ਜੋ ਹਰ ਨੌਕਰੀਸ਼ੁਦਾ ਵਿਅਕਤੀ ਨੂੰ ਅਦਾ ਕਰਨਾ ਲਾਜ਼ਮੀ ਸੀ।
ਇਸ ਵਾਰ ਪੰਜਾਬ ਸਰਕਾਰ ਸਮਾਜਕ ਸੁਰੱਖਿਆ ਪੈਨਸ਼ਨ ਵਿੱਚ ਵਾਧਾ ਕਰ ਸਕਦੀ ਹੈ ਅਤੇ ਪਹਿਲਾਂ ਤੋਂ ਜਾਰੀ ਕਿਸਾਨ ਕਰਜ਼ ਮੁਆਫ਼ੀ ਸਕੀਮ ਨੂੰ ਬੇਜ਼ਮੀਨੇ ਕਿਸਾਨਾਂ ਤਕ ਵਧਾਇਆ ਜਾ ਸਕਦਾ ਹੈ। ਇਸ ਤਹਿਤ ਬੇਜ਼ਮੀਨੇ ਕਿਸਾਨਾਂ ਦੇ 25,000 ਰੁਪਏ ਤਕ ਦੇ ਕਰਜ਼ ਮੁਆਫ਼ ਹੋ ਸਕਦੇ ਹਨ। ਬਜਟ ਵਿੱਚ ਦਲਿਤਾਂ ਦੇ ਕਰਜ਼ਿਆਂ 'ਤੇ ਲੀਕ ਫੇਰਨ ਸਬੰਧੀ ਵੀ ਕੋਈ ਐਲਾਨ ਹੋ ਸਕਦਾ ਹੈ ਅਤੇ ਨੌਜਵਾਨਾਂ ਲਈ ਮੁਫ਼ਤ ਸਮਾਰਟਫ਼ੋਨ ਲਈ ਬਜਟ ਐਲਾਨੇ ਜਾਣ ਦੀ ਸੰਭਾਵਨਾ ਹੈ। ਵੈਸੇ ਲੋਕ ਅਕਾਲੀਆਂ ਵੱਲੋਂ ਚਲਾਈ ਗਈ ਮੁਫ਼ਤ ਆਟਾ ਦਾਲ ਸਕੀਮ ਵਾਂਗ ਮੁਫ਼ਤ ਚਾਹ ਪੱਤੀ ਦਾ ਵੀ ਇੰਤਜ਼ਾਰ ਹੈ।