ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਕਿਸਾਨ ਕਦੇ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਲਈ ਮੁਆਫ ਨਹੀਂ ਕਰਨਗੇ ਕਿ ਉਹਨਾਂ ਨੇ ਖੇਤੀ ਐਕਟ ਪਾਸ ਕਰਵਾਉਣ ਲਈ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਅਤੇ ਪਾਰਟੀ ਨੇ ਉਹਨਾਂ ਨੂੰ ਆਖਿਆ ਕਿ ਉਹ ਘਟੀਆ ਤਮਾਸ਼ੇ ਬੰਦ ਕਰਨ ਅਤੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਹਦਾਇਤ ਕਰਨ ਕਿ ਉਹ 'ਅੰਨਦਾਤਾ' ਨਾਲ ਕੀਤੇ ਵਾਅਦੇ ਪੂਰੇ ਕਰੇ।


ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ 'ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ' ਕਰਾਰ ਦਿੰਦਿਆਂ ਪਾਰਟੀ ਦੇ ਸੀਨੀਅਰ  ਆਗੂ ਪ੍ਰੋ.  ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਉਸ ਵੇਲੇ ਨਾ ਸਿਰਫ ਕਾਇਰਾਨਾ ਤਰੀਕੇ ਨਾਲ ਦੇਸ਼ ਤੋਂ ਭੱਜ ਗਏ ਜਦੋਂ ਖੇਤੀ ਬਿੱਲ ਸੰਸਦ ਵਿਚ ਪੇਸ਼ ਕੀਤੇ ਗਏ ਬਲਕਿ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਹਨਾਂ ਬਿੱਲਾਂ ਦੇ ਖਿਲਾਫ ਭੁਗਤਣ ਲਈ ਵਿਪ ਜਾਰੀ ਨਾ ਕਰ ਕੇ ਅਤੇ  ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਸਦ ਵਿਚ ਬਿੱਲਾਂ ਖਿਲਾਫ ਬੋਲਣ ਤੋਂ ਰੋਕ ਕੇ ਬਿੱਲ ਪਾਸ ਹੋਣ ਦਿੱਤਾ।

ਉਹਨਾਂ ਕਿਹਾ ਕਿ "ਜੇਕਰ ਤੁਸੀਂ ਕਾਇਰਾਨਾ ਹਰਕਤ ਨਾ ਕਰਦੇ ਤਾਂ ਇਹ ਬਿੱਲ ਰੋਕੇ ਜਾ ਸਕਦੇ ਸੀ ਪਰ ਤੁਸੀਂ ਦੇਸ਼ ਦੇ ਕਿਸਾਨਾਂ ਨਾਲ ਡੱਟਣ ਦੀ ਥਾਂ ਭਾਜਪਾ ਸਰਕਾਰ ਦੀ ਮਦਦ ਕੀਤੀ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਨੂੰ ਪੰਜਾਬ ਵਿਚ ਲਿਆ ਕੇ ਨਕਲੀ ਰੋਸ ਵਿਖਾਵੇ ਕੀਤੇ ਜਾ ਰਹੇ ਹਨ ਉਹ ਵੀ ਉਦੋਂ ਜਦੋਂ ਕਾਂਗਰਸ ਨੇ ਮਹਿਸੂਸ ਕਰ ਲਿਆ ਹੈ ਕਿ ਕਿਸਾਨ ਉਸਦੇ ਖਿਲਾਫ ਹੋ ਗਏ ਹਨ।

ਉਹਨਾਂ ਨੇ ਕਾਂਗਰਸ ਦੇ ਆਗੂ ਨੂੰ ਸਵਾਲ ਕੀਤਾ ਕਿ  ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁੱਛੇ ਪੰਜ ਸਵਾਲਾਂ ਵਿਚੋਂ ਇਕ ਵੀ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ।