ਚੰਡੀਗੜ੍ਹ: ਦੇਸ਼ ਭਰ ਅੰਦਰ ਖੇਤੀ ਕਾਨੂੰਨਾਂ ਵਿਰੁੱਧ ਲੋਕਾਂ ਦਾ ਰੋਸ ਲਗਾਤਾਰ ਜਾਰੀ ਹੈ। ਅਜਿਹੇ ਵਿੱਚ ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (SFJ)ਇਸ ਮੌਕੇ ਦਾ ਫਾਇਦਾ ਚੁੱਕਣ ਦੀ ਤਾਕ ਵਿੱਚ ਹੈ। ਸਿੱਖ ਫਾਰ ਜਸਟਿਸ ਨੇ ਐਤਵਾਰ ਨੂੰ ਇੱਕ ਕਿਸਾਨ ਰੈਲੀ ਦੌਰਾਨ ਪੰਜਾਬ-ਹਰਿਆਣਾ ਸਰਹੱਦ ‘ਤੇ ਸਥਿਤ ਸੰਧੂ ਟੋਲ ਪਲਾਜ਼ਾ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਸਥਿਤ SFJ ਦੇ ਜਨਰਲ ਕੌਂਸਲਰ ਗੁਰਵੰਤ ਸਿੰਘ ਪੰਨੂ ਨੇ ਸ਼ੰਭੂ ਬਾਰਡਰ 'ਤੇ ਖਾਲਿਸਤਾਨ ਦੇ ਝੰਡੇ ਨੂੰ ਭਾਰਤ ਤੋਂ ਵੱਖ ਕਰਨ ਦੇ ਏਜੰਡੇ ਵਜੋਂ ਉਭਾਰਨ ਦੀ ਮੰਗ ਕੀਤੀ ਹੈ।


ਏਜੰਸੀਆਂ ਨੇ ਇਸ ਬਾਰੇ ਪੰਜਾਬ ਤੇ ਹਰਿਆਣਾ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ। ਏਜੰਸੀਆਂ ਨੇ ਦੱਸਿਆ ਕਿ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਰੈਲੀ ਦੌਰਾਨ ਐਸਐਫਜੇ ਰੈ 'ਰੈਫਰੈਂਡਮ 2020' ਏਜੰਡੇ ਲਈ ਵੋਟਾਂ ਰਜਿਸਟਰ ਕਰਨ ਦੀ ਕੋਸ਼ਿਸ਼ ਕਰਨਗੇ ਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਸਥਾਈ ਹੱਲ ਬਾਰੇ ਦੱਸਣਗੇ ਤੇ ਸਿੱਖਿਅਤ ਕਰਨ ਲਈ ਸਾਹਿਤ ਵੰਡਣਗੇ।

ਪੰਜਾਬ-ਹਰਿਆਣਾ ਅੰਤਰਰਾਜੀ ਸਰਹੱਦ 'ਤੇ ਸਥਿਤ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਸ਼ੰਭੂ ਪਿੰਡ ਖੇਤਰ ਵਿੱਚ ਕਿਸਾਨਾਂ ਦੇ ਵਿਰੋਧ ਦਾ ਵੱਡਾ ਕੇਂਦਰ ਬਣ ਗਿਆ ਹੈ। ਵੀਰਵਾਰ ਨੂੰ, 31 ਕਿਸਾਨ ਸੰਗਠਨਾਂ ਨੇ ਨਵੀਂ ਦਿੱਲੀ-ਰਾਜਪੁਰਾ ਲਾਈਨ ਦੇ ਰੇਲਵੇ ਟਰੈਕਾਂ ਤੇ ਅਣਮਿੱਥੇ ਸਮੇਂ ਲਈ ਘੇਰਾਬੰਦੀ ਕੀਤੀ। ਪਿੰਡ ਵਿੱਚ 23 ਸਤੰਬਰ ਤੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਜਾਣਕਾਰੀ ਮੁਤਾਬਕ ਕਿਸਾਨਾਂ ਨੇ ਐਤਵਾਰ ਨੂੰ ਸ਼ੰਭੂ ਸਰਹੱਦ ‘ਤੇ ਰੈਲੀ ਕੱਢਣ ਦੀ ਯੋਜਨਾ ਬਣਾਈ ਸੀ।

ਇਸ ਦੌਰਾਨ, ਐਸਐਫਜੇ ਇਸ ਅਵਸਰ ਨੂੰ ਪੂੰਜੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ 1-8 ਅਕਤੂਬਰ ਤੱਕ ਖੇਤੀ ਕਰਜ਼ੇ ਦੀ ਅਦਾਇਗੀ ਵਿੱਚ ਡਿਫਾਲਟਰਾਂ ਨੂੰ 10 ਲੱਖ ਡਾਲਰ ਵੰਡਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਅਰਜ਼ੀਆਂ ਤੇ ਡੇਟਾ ਇਕੱਤਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਮੂਹ ਨੇ ਐਲਾਨ ਕੀਤਾ ਸੀ ਕਿ 1 ਤੋਂ 8 ਅਕਤੂਬਰ ਤੱਕ ਕੋਈ ਵੀ ਕਿਸਾਨ ਖਾਲਿਸਤਾਨ ਰੈਫਰੈਂਡਮ 2020 ਲਈ 25 ਵੋਟਾਂ ਰਜਿਸਟਰ ਕਰਵਾ ਸਕਦਾ ਹੈ ਤੇ ਆਪਣੇ ਖੇਤੀ ਕਰਜ਼ੇ ਮੋੜਨ ਲਈ ਸਹਾਇਤਾ ਵਜੋਂ 5000 ਰੁਪਏ ਦੀ ਗਰਾਂਟ ਪ੍ਰਾਪਤ ਕਰ ਸਕਦਾ ਹੈ।