ਰਵੀ ਇੰਦਰ ਸਿੰਘ 

ਚੰਡੀਗੜ੍ਹ: ਟਕਸਾਲੀ ਅਕਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਹਰਕਤ ਵਿੱਚ ਆਇਆ ਤੇ ਸੇਖਵਾਂ ਦੀ ਬਰਖ਼ਾਸਤਗੀ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੇਖਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ।



ਅਕਾਲੀ ਦਲ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਸੇਖਵਾਂ ਨੂੰ ਕੱਢਣ ਦਾ ਫੈਸਲਾ ਦੋ ਨਵੰਬਰ ਯਾਨੀ ਕਿ ਬੀਤੇ ਕੱਲ੍ਹ ਹੀ ਲਿਆ ਜਾ ਚੁੱਕਿਆ ਸੀ, ਜਦਕਿ ਇਸ ਨੂੰ ਪਾਰਟੀ ਨੇ ਸੇਖਵਾਂ ਦੇ ਅਸਤੀਫ਼ੇ ਤੇ ਮਾਝੇ ਦੇ ਵੱਡੇ ਲੀਡਰਾਂ ਦੀ ਪ੍ਰੈਸ ਕਾਨਫਰੰਸ ਤੋਂ ਕੁਝ ਹੀ ਸਮੇਂ ਬਾਅਦ ਪ੍ਰਕਾਸ਼ਿਤ ਕੀਤਾ ਗਿਆ। ਉੱਧਰ, ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵੀ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਬੈਠਕ ਵਿੱਚ ਸਾਰੇ ਸੀਨੀਅਰ ਲੀਡਰਾਂ ਦੀ ਰਜ਼ਾਮੰਦੀ ਤੋਂ ਬਾਅਦ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਦਾ ਫੈਸਲਾ ਕੀਤਾ ਹੈ।

ਪਰ ਅੱਜ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਹਰਸਿਮਰਤ ਬਾਦਲ ਤੋਂ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਕੋਠੀ ਘੇਰਨ ਲਈ ਗਏ ਹੋਏ ਸਨ। ਸ਼ਾਇਦ ਰੋਸ ਮਾਰਚ ਦੌਰਾਨ ਹੀ ਉਨ੍ਹਾਂ ਨੇ ਇਹ ਫੈਸਲਾ ਲੈ ਲਿਆ ਸੀ। ਜਾਂ ਇਹ ਵੀ ਹੋ ਸਕਦਾ ਹੈ ਕਿ ਸੇਖਵਾਂ ਦੇ ਸੁਖਬੀਰ ਬਾਦਲ ਨੂੰ ਲਿਖੇ ਬੇਹੱਦ ਤਿੱਖੇ ਅਸਤੀਫ਼ਾ ਪੱਤਰ ਤੋਂ ਬਾਅਦ ਅਕਾਲੀ ਦਲ ਨੇ ਅਜਿਹਾ ਫੈਸਲਾ ਲਿਆ ਹੈ।



ਹਾਲਾਂਕਿ, ਬਿਆਨ ਜਾਰੀ ਕਰਨ ਦੀ ਤਾਰੀਖ਼ ਦੋ ਨਵੰਬਰ ਸੀ, ਜਿਸ ਨੂੰ ਬਾਅਦ ਵਿੱਚ ਹਟਾ ਵੀ ਦਿੱਤਾ ਗਿਆ। ਪਰ ਇਸ ਬਿਆਨ ਨੂੰ ਬੀਤੇ ਕੱਲ੍ਹ ਜਾਰੀ ਨਹੀਂ ਕੀਤਾ ਗਿਆ ਬਲਕਿ ਸੇਖਵਾਂ ਵੱਲੋਂ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ। ਜੇਕਰ ਫੈਸਲਾ ਬੀਤੇ ਕੱਲ੍ਹ ਹੀ ਲਿਆ ਗਿਆ ਸੀ ਤੇ ਪਾਰਟੀ ਅਹੁਦੇਦਾਰਾਂ ਨੂੰ ਜਾਰੀ ਕਰਨ ਦਾ ਸਮਾਂ ਨਹੀਂ ਲੱਗਾ ਤਾਂ ਇਸ ਨੂੰ ਅਕਾਲੀ ਦਲ ਦੀ ਮਾੜੀ ਕਿਸਮਤ ਹੀ ਕਿਹਾ ਜਾ ਸਕਦਾ ਹੈ। ਉਂਝ ਅੱਜ ਵੀ ਸੇਖਵਾਂ ਦੇ ਅਸਤੀਫ਼ੇ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਹੀ ਕੀਤਾ ਗਿਆ ਸੀ। ਖ਼ੈਰ, ਸਾਲ 2018 ਦੌਰਾਨ ਅਕਾਲੀ ਦਲ ਸਿਤਾਰੇ ਗਰਦਿਸ਼ ਵਿੱਚ ਹੀ ਚਲਦੇ ਆ ਰਹੇ ਹਨ ਅਤੇ ਸੇਖਵਾਂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਦਾ ਸਖ਼ਤ ਐਕਸ਼ਨ ਹੋਰਨਾਂ ਲੀਡਰਾਂ ਲਈ ਘੁਰਕੀ ਸੰਦੇਸ਼ ਬਣਨ ਦੀ ਥਾਂ ਕਿਰਕਿਰੀ ਦਾ ਜ਼ਰੀਆ ਵੱਧ ਬਣ ਗਿਆ।

ਅਕਾਲੀਆਂ ਦੇ ਸੱਤਾ ਵਿੱਚ ਹੋਣ ਸਮੇਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਫਿਰ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਪੁਲਿਸ ਦੀ ਗੋਲ਼ੀ ਚੱਲਣੀ, ਬੇਅਦਬੀ ਰਿਪੋਰਟ 'ਤੇ ਕਾਰਵਾਈ ਨਾ ਕੀਤੇ ਜਾਣ, ਨਸ਼ੇ ਜਿਹੇ ਮੁੱਦਿਆਂ 'ਤੇ ਇਹ ਟਕਸਾਲੀ ਆਗੂ ਵੀ ਚੁੱਪ ਰਹੇ। ਪਰ ਵਿਧਾਨ ਸਭਾ ਚੋਣਾਂ ਵਿੱਚ ਮੰਦੇ ਪ੍ਰਦਰਸ਼ਨ ਤੋਂ ਬਾਅਦ ਨੌਜਵਾਨ ਲੀਡਰਾਂ ਤੇ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ।

ਕਾਂਗਰਸ ਸਰਕਾਰ ਵੱਲੋਂ ਗਠਿਤ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਸਮੇਂ ਅਕਾਲੀ ਦਲ ਦੇ ਵਾਕਆਊਟ ਨੂੰ ਇਨ੍ਹਾਂ ਬਾਗ਼ੀ ਟਕਸਾਲੀ ਲੀਡਰਾਂ ਤੋਂ ਇਲਾਵਾ ਵੀ ਕਈ ਸੀਨੀਅਰ ਨੇਤਾਵਾਂ ਨੇ ਵੀ ਜਾਇਜ਼ ਨਹੀਂ ਸੀ ਠਹਿਰਾਇਆ। ਇਸ ਤੋਂ ਬਾਅਦ ਟਕਸਾਲੀ ਅਕਾਲੀ ਆਗੂ ਬੇਹੱਦ ਘੁਟਨ ਮਹਿਸੂਸ ਕਰਨ ਲੱਗੇ ਅਤੇ ਹੌਲੀ-ਹੌਲੀ ਬਗ਼ਾਵਤ ਦੀ ਚੰਗਿਆੜੀ ਹੁਣ ਭਾਂਬੜ ਬਣ ਗਈ ਹੈ। ਅਕਾਲੀ ਦਲ 'ਤੇ ਪਹਿਲੀ ਵਾਰ ਆਏ ਅਜਿਹੇ ਗੰਭੀਰ ਸੰਕਟ ਨੂੰ ਪ੍ਰਕਾਸ਼ ਸਿੰਘ ਬਾਦਲ ਲਈ ਹੱਲ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।