ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਫ਼ਰੀਦਕੋਟ ਵਿੱਚ 16 ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ 'ਤੇ ਪ੍ਰਸ਼ਾਸਨ ਨੇ ਰੋਕ ਲਾ ਦਿੱਤੀ ਹੈ। ਪ੍ਰਸ਼ਾਸਨ ਨੂੰ ਖ਼ਦਸ਼ਾ ਹੈ ਕਿ ਫ਼ਰੀਦਕੋਟ ਦੀ ਇਸ ਰੈਲੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ ਤੇ ਟਕਰਾਅ ਤੇ ਹਿੰਸਾ ਹੋਣ ਦੇ ਕਾਫੀ ਆਸਾਰ ਹਨ।


ਦਰਅਸਲ, ਅਕਾਲੀ ਦਲ ਨੇ ਬੇਅਦਬੀ ਤੇ ਗੋਲ਼ੀਕਾਂਡਾਂ 'ਤੇ ਤਿਆਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਜਵਾਬ ਦੇਣ ਲਈ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ ਕੀਤਾ ਸੀ। ਪਹਿਲਾਂ ਇਹ ਰੈਲੀ ਬਰਗਾੜੀ ਵਿੱਚ ਹੀ ਕੀਤੀ ਜਾਣੀ ਸੀ। ਬਰਗਾੜੀ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਪਹਿਲਾਂ ਹੀ ਮੋਰਚਾ ਲੱਗਾ ਹੋਇਆ ਹੈ।

ਅਕਾਲੀ ਦਲ ਨੇ ਮੋਰਚੇ ਕਾਰਨ ਸੰਭਾਵੀ ਟਕਰਾਅ ਤੋਂ ਬਚਣ ਲਈ 16 ਤਾਰੀਖ਼ ਦੀ ਰੈਲੀ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ 16 ਤਾਰੀਖ਼ ਨੂੰ ਹੀ ਵੱਧ ਤੋਂ ਵੱਧ ਸੰਗਤ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਮੋਰਚੇ ਤੋਂ ਪਿਛਲੀ ਬਾਦਲ ਸਰਕਾਰ ਦੀ ਲਗਾਤਾਰ ਖ਼ਿਲਾਫ਼ਤ ਹੁੰਦੀ ਆਈ ਹੈ। ਇਸ ਤੋਂ ਬਾਅਦ ਅੱਜ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਰੈਲੀ ਉੱਪਰ ਰੋਕ ਲਾ ਦਿੱਤੀ ਹੈ।

ਦੱਸਣਾ ਬਣਦਾ ਹੈ ਕਿ ਬੇਅਦਬੀ ਰਿਪੋਰਟ 'ਤੇ ਵਿਧਾਨ ਸਭਾ ਵਿੱਚ ਵਾਕਆਊਟ ਕਰਨ ਤੋਂ ਬਾਅਦ ਅਕਾਲੀ ਦਲ ਆਪਣੀ ਹੋਈ ਕਿਰਕਿਰੀ ਨੂੰ ਸੰਭਾਲਣ ਲਈ ਇਸ ਰੈਲੀ ਰਾਹੀਂ ਹੰਭਲਾ ਮਾਰਨਾ ਚਾਹੁੰਦਾ ਸੀ। ਮੋਰਚਾ ਤੇ ਰੈਲੀ ਇੱਕੋ ਜ਼ਿਲ੍ਹੇ ਵਿੱਚ ਹੋਣ ਕਾਰਨ ਟਕਰਾਅ ਹੋਣ ਦੇ ਖ਼ਦਸ਼ੇ ਨੇ ਅਕਾਲੀ ਦਲ ਦੀ ਅਕਸ ਸੁਧਾਰਨ ਦੀ ਮਨਸ਼ਾ 'ਤੇ ਵੀ ਪਾਣੀ ਫੇਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਇਸ 'ਤੇ ਕੀ ਪ੍ਰਤੀਕਿਰਿਆ ਜ਼ਾਹਰ ਕਰਦਾ ਹੈ, ਕਿਉਂਕਿ ਕੁਝ ਸਮੇਂ ਬਾਅਦ ਸੁਖਬੀਰ ਬਾਦਲ ਨੇ ਇੱਥੇ ਰੈਲੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਉਣਾ ਹੈ।