ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਣ ‘ਤੇ ਕੀਤੇ ਭੜਕਾਊ ਟਵੀਟ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਦੇ ਹਿੱਸੇ ਵਜੋਂ ਸ਼ਾਂਤਮਈ ਸੂਬੇ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕਰਾਰ ਦਿੱਤਾ।


ਉਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਵੱਲੋਂ ਉਤਸ਼ਾਹਤ ਕੀਤੀਆਂ ਜਾ ਰਹੀਆਂ ਵੰਡ-ਪਾਊ ਨੀਤੀਆਂ ਦੇ ਮੁਕਾਬਲੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਦੀ ਗੱਲ ਆਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਤਰ ਪ੍ਰਦੇਸ਼ ਦੀ ਭਾਜਪਾ ਦੀ ਵੰਡ-ਪਾਊ ਤੇ ਵਿਨਾਸ਼ਕਾਰੀ ਸਰਕਾਰ ਨਾਲੋਂ ਕਿਤੇ ਵਧੀਆ ਮਾਹੌਲ ਹੈ ਜਦੋਂ ਕਿ ਉਤਰ ਪ੍ਰਦੇਸ਼ ਵਿੱਚ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਸਰਕਾਰ ਨੇ ਫਿਰਕੂ ਵਿਵਾਦਾਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ।


ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਟਵੀਟ ਜਿਸ ਵਿੱਚ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਨੂੰ 'ਕਾਂਗਰਸ ਦੀ ਫੁੱਟ-ਪਾਊ ਨੀਤੀ ਦਾ ਪ੍ਰਤੀਕ' ਦੱਸਿਆ ਸੀ, ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਪੁੱਛਿਆ, ''ਉਹ (ਯੋਗੀ ਅਦਿਤਿਆਨਾਥ) ਕੀ ਜਾਣਦਾ ਹੈ ਪੰਜਾਬ ਦੇ ਸਿਧਾਂਤਾਂ ਜਾਂ ਮਲੇਰਕੋਟਲਾ ਦੇ ਇਤਿਹਾਸ ਬਾਰੇ, ਜਿਸ ਦਾ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਹਰੇਕ ਪੰਜਾਬੀ ਜਾਣਦਾ ਹੈ। ਅਤੇ ਉਹ ਭਾਰਤੀ ਸੰਵਿਧਾਨ ਨੂੰ ਕੀ ਸਮਝਦਾ ਹੈ ਜਿਹੜਾ ਕਿ ਉਤਰ ਪ੍ਰਦੇਸ਼ ਵਿੱਚ ਉਸ ਦੀ ਹੀ ਸਰਕਾਰ ਵੱਲੋਂ ਰੋਜ਼ ਹੀ ਬੇਰਹਿਮੀ ਨਾਲ ਕੁਚਲਿਆ ਜਾਂਦਾ ਹੈ।''


ਇਸ ਦੇ ਨਾਲ ਹੀ ਦੂਜੇ ਪਾਸੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਯੋਗੀ ਆਦਿੱਤਿਆਨਾਥ ਨੂੰ ਤਾਕੀਦ ਕੀਤੀ ਕਿ ‘ਇੱਕ ਮੁੱਖ ਮੰਤਰੀ ਨੂੰ ਆਪਣੇ ਸੂਬੇ ਤੋਂ ਬਾਹਰਲੇ ਹੋਰ ਸੂਬਿਆਂ ਦੇ ਮੁੱਦਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਮਲੇਰਕੋਟਲਾ ਬਾਰੇ ਟਵੀਟ ਕਰ ਰਹੇ ਹਨ ਉਨ੍ਹਾਂ ਨੂੰ ਮਲੇਰਕੋਟਲਾ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਮਲੇਰਕੋਟਲਾ ਇੱਕ ਮੁਸਲਿਮ ਭਾਈਚਾਰਾ ਹੀ ਨਹੀਂ, ਬਲਕਿ ਪੰਜਾਬ ਦੇ ਸਾਰੇ ਧਰਮਾਂ ਦੀ ਵਿਰਾਸਤ ਨਾਲ ਜੁੜਿਆ ਇੱਕ ਇਤਿਹਾਸਕ ਸ਼ਹਿਰ ਹੈ।


ਇਹ ਵੀ ਪੜ੍ਹੋ: Israel Airstrike: ਇਜ਼ਰਾਈਲ ਨੇ ਗਾਜ਼ਾ ਵਿੱਚ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਦੀ ਬਿਲਡਿੰਗ ਨੂੰ ਬਣਾਇਆ ਨਿਸ਼ਾਨਾ: ਏਐਫਪੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904