ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।  ਕਿਸਾਨ ਲੀਡਰਾਂ  ਜਗਮੋਹਨ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ ਅਤੇ ਡਾ. ਦਰਸ਼ਨਪਾਲ ਨੇ ਕਿਹਾ ਕਿ ਅਭੈ ਸਿੰਘ ਕਿਸਾਨ-ਅੰਦੋਲਨ  ਦੇ ਸਮਰਥਕ ਸਨ ਅਤੇ ਕਿਸਾਨੀ-ਧਰਨਿਆਂ 'ਤੇ ਹਾਜ਼ਰੀ ਭਰਦੇ ਰਹਿੰਦੇ ਸਨ।


23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ 'ਪਗੜੀ ਸੰਭਾਲ ਜੱਟਾ ਲਹਿਰ' ਦੇ ਬਾਨੀ ਅਜੀਤ ਸਿੰਘ  ਨੂੰ 'ਪਗੜੀ ਸੰਭਾਲ ਜੱਟਾ' ਦਿਹਾੜੇ 'ਤੇ ਉਹਨਾਂ ਨੂੰ ਸਿੰਘੂ-ਮੋਰਚੇ 'ਤੇ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ ਉਹਨਾਂ ਨੇ ਕਿਸਾਨੀ-ਮੰਗਾਂ ਦੇ ਸਮਰਥਨ 'ਚ ਭੁੱਖ-ਹੜਤਾਲ ਰੱਖਣ ਦੀ ਪੇਸ਼ਕਸ਼ ਵੀ ਕੀਤੀ ਸੀ, ਪ੍ਰੰਤੂ ਮੋਰਚੇ ਦੇ ਆਗੂਆਂ ਨੇ ਉਹਨਾਂ ਦੀ ਸਿਹਤ ਪ੍ਰਤੀ ਫਿਕਰਮੰਦੀ ਰੱਖਦਿਆਂ ਕਿਹਾ ਸੀ ਕਿ ਉਹਨਾਂ ਦੀ ਲਗਾਤਾਰ ਸ਼ਮੂਲੀਅਤ ਹੀ ਕਿਸਾਨ/ਆਗੂਆਂ ਨੂੰ ਹੱਲਾਸ਼ੇਰੀ ਅਤੇ ਪ੍ਰੇਰਨਾ ਦਿੰਦੀ ਹੈ।


ਕਿਸਾਨ ਲੀਡਰਾਂ ਨੇ ਕਿਹਾ ਕਿ ਅਭੈ ਸਿੰਘ ਵੱਲੋਂ ਸਮਾਜਿਕ-ਖੇਤਰ 'ਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।