ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚੋਂ ਪੰਜਾਬ ਤੇ ਗੁਰੂ ਸਹਿਬਾਨਾਂ ਦੇ ਇਤਿਹਾਸ ਨਾਲ ਛੇੜਛਾੜ ਦਾ ਮੁੱਦਾ ਖਾਸਾ ਭਖ਼ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ 'ਤੇ ਕਾਰਵਾਈ ਲਈ ਕੈਪਟਨ ਸਰਕਾਰ ਨੂੰ ਪੱਤਰ ਲਿਖਿਆ ਹੈ।


 

ਪੱਤਰ ਵਿੱਚ ਦੱਸਿਆ ਗਿਆ ਹੈ ਕਿ ਬਾਰ੍ਹਵੀਂ ਦੇ ਪੁਰਾਣੇ ਸਿਲੇਬਸ ਵਿੱਚ ਪੰਜਾਬ ਅਤੇ ਗੁਰੂ ਸਹਿਬਾਨ ਦੇ ਇਤਿਹਾਸ ਨਾਲ ਸਬੰਧਤ 23 ਮੁਕੰਮਲ ਪਾਠ ਸਨ। ਜਿਨ੍ਹਾਂ ਵਿੱਚ ਪੰਜਾਬ ਦੇ ਇਤਿਹਾਸ ਦੇ ਮੁੱਖ ਤੱਥ, ਪੰਜਾਬ ਦੇ ਇਤਿਹਾਸਕ ਸੋਮੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਹਿਬਾਨ ਦਾ ਜੀਵਨ ਸਿੱਖਿਆਵਾਂ ਤੇ ਉਨ੍ਹਾਂ ਦੀ ਮਨੁੱਖਤਾ ਨੂੰ ਦੇਣ ਸਮੇਤ ਮਹਾਰਾਜਾ ਰਣਜੀਤ ਸਿੰਘ ਤੇ ਐਂਗਲੋ ਸਿੱਖ ਜੰਗਾਂ ਆਦਿ ਦਾ ਵਿਸਥਾਰ ਵਿੱਚ ਵਰਨਣ ਸੀ।



ਪੱਤਰ ਮੁਤਾਬਕ ਹੁਣ ਬੋਰਡ ਵੱਲੋਂ 12ਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਜੋ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਤਿਆਰ ਕੀਤੇ ਸਿਲੇਬਸ ਅਤੇ ਨਵੀਂ ਤਿਆਰ ਕੀਤੀ ਕਿਤਾਬ ਵਿੱਚ ਸਾਰੇ ਸਿੱਖ ਗੁਰੂ ਸਹਿਬਾਨ ਅਤੇ ਪੰਜਾਬ ਦੇ ਇਤਿਹਾਸ ਨੂੰ ਮੁਕੰਮਲ ਤੌਰ 'ਤੇ ਖਤਮ ਕਰ ਦਿੱਤਾ ਗਿਆ ਹੈ।



188 ਪੰਨਿਆਂ ਦੀ ਤਿਆਰ ਕੀਤੀ ਗਈ ਇਸ ਇਤਿਹਾਸ ਦੀ ਨਵੀਂ ਕਿਤਾਬ ਵਿਚੋਂ ਸਾਰੇ ਗੁਰੂ ਸਹਿਬਾਨ ਤੇ ਭਗਤਾਂ ਦੇ ਜੀਵਨ ਤੇ ਸਿੱਖਿਆਵਾਂ ਨੂੰ ਸਿਰਫ ਅੱਧੇ ਸਫ਼ੇ ਦਾ ਸਥਾਨ ਦਿੱਤਾ ਗਿਆ ਹੈ। ਅਕਾਲੀ ਦਲ ਨੇ ਲਿਖਿਆ ਕਿ ਅਜਿਹਾ ਕਰਨਾ ਸਿੱਖ ਇਤਿਹਾਸ ਨਾਲ ਬੇਇਨਸਾਫੀ ਹੈ ਤੇ ਵੱਡੀ ਸਾਜਿਸ਼ ਪ੍ਰਤੀਤ ਹੁੰਦੀ ਹੈ।



ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਉਪਰੋਕਤ ਕਿਤਾਬ ਦੀ ਛਪਾਈ ਤੇ ਵੰਡ ਰੋਕਣ ਦੀ ਦਿੱਤੀ ਜਾਵੇ। ਇਸ ਦੇ ਨਾਲ ਹੀ ਇਸ ਮਸਲੇ ਦੀ ਉੱਚ-ਪੱਧਰੀ ਪੜਤਾਲ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਅਪੀਲ ਕੀਤੀ।