ਸੰਗਰੂਰ: ਸੁਨਾਮ ਦੇ ਗੁਰਦੁਆਰਾ ਸਾਹਿਬ ਵਿੱਚ ਭੇਜੇ ਦੋ ਬੱਚਿਆਂ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਬੱਚਿਆਂ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਾਫ਼ ਵੇਖੇ ਜਾ ਸਕਦੇ ਹਨ। ਇਸ ਦਾ ਇਲਜ਼ਾਮ ਗੁਰੂ ਘਰ ਦੇ ਗ੍ਰੰਥੀ 'ਤੇ ਲੱਗਾ ਹੈ ਤੇ ਪੁਲਿਸ ਨੇ ਗ੍ਰੰਥੀ ਖ਼ਿਲਾਫ਼ ਮਾਮਲੇ ਦਰਜ ਕਰ ਲਿਆ ਹੈ।


 

ਸਮਾਜ ਸੇਵੀ ਜਤਿੰਦਰ ਜੈਨ ਨੇ ਦੋਵਾਂ ਬੱਚਿਆਂ ਨੂੰ ਗੁਰਦਵਾਰੇ ਤੋਂ ਲਿਆ ਕੇ ਸੰਗਰੂਰ ਦੇ ਪਿੰਗਲਵਾੜੇ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਬੱਚਿਆਂ ਦੇ ਪਿਤਾ ਦੀ ਮੌਤ ਪਿੱਛੋਂ ਉਨ੍ਹਾਂ ਦਾ ਮਾਂ ਨੇ ਦੋਵਾਂ ਨੂੰ ਸੁਨਾਮ ਦੇ ਗੁਰਦੁਆਰਾ ਸਾਹਿਬ ਵਿੱਚ ਛੱਡ ਦਿੱਤਾ ਸੀ ਜਿਸ ਪਿੱਛੋਂ ਦੋਵੇਂ ਗੁਰਦੁਆਰੇ ਦੇ ਗ੍ਰੰਥੀ ਕੋਲ ਹੀ ਰਹਿੰਦੇ ਸਨ।

ਇਸ ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਦੋਵੇਂ ਬੱਚੇ ਸਕੂਲ ਗਏ ਤਾਂ ਸਕੂਲ ਦੀ ਅਧਿਆਪਕਾ ਬੱਚਿਆਂ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੇਖੇ। ਇੱਥੋਂ ਖੁਲਾਸਾ ਹੋਇਆ ਕਿ ਗ੍ਰੰਥੀ ਬੱਚਿਆਂ ਕੋਲੋਂ ਕੰਮ ਕਰਾਉਂਦਾ ਸੀ ਤੇ ਉਨ੍ਹਾਂ ਦੀ ਕੁੱਟਮਾਰ ਵੀ ਕਰਦਾ ਸੀ। ਮਾਮਲੇ ਦੀ ਖ਼ਬਰ ਸੁਣ ਕੇ ਇੱਥੋਂ ਦੀ ਸਮਾਜ ਸੇਵੀ ਸੰਸਥਾ ਨੇ ਬੱਚਿਆਂ ਨੂੰ ਗੁਰਦੁਆਰੇ ਤੋਂ ਲਿਆ ਕੇ ਸੁਨਾਮ ਦੇ SDM ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਪੁਲਿਸ ਨੇ ਗ੍ਰੰਥੀ ਗ੍ਰਿਫ਼ਤਾਰ ਕਰ ਲਿਆ ਅਤੇ ਦੋਵਾਂ ਬੱਚਿਆਂ ਨੂੰ ਤੁਰੰਤ ਸੰਗਰੂਰ ਦਾ ਪਿੰਗਲਵਾੜਾ ਭੇਜ ਦਿੱਤਾ ਗਿਆ। ਜੇ ਬੱਚਿਆਂ ਦੇ ਪਰਿਵਾਰ ’ਚੋਂ ਇਨ੍ਹਾਂ ਨੂੰ ਲੈਣ ਕੋਈ ਨਹੀਂ ਆਉਂਦਾ ਤਾਂ ਬੱਚਿਆਂ ਨੂੰ ਰਾਜਪੁਰਾ ਬਾਲ ਘਰ ਭੇਜ ਦਿੱਤਾ ਜਾਵੇਗਾ।

ਗੁਰਦੁਆਰੇ ਦੇ ਗ੍ਰੰਥੀ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਸ ਨੇ ਬੱਚਿਆਂ ਨੂੰ ਕੁੱਟਿਆ ਨਹੀਂ ਸੀ, ਬਲਕਿ ਥੱਪੜ ਹੀ ਮਾਰੇ ਸਨ। ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।