ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਮਾਲਵਾ ਖੇਤਰ ਵਿੱਚੋਂ ਵੀ ਕਰਾਰੀ ਹਾਲ ਮਿਲੀ ਹੈ। ਹਾਲਾਂਕਿ ਅਕਾਲੀ ਦਲ ਵੱਲੋਂ ਚੋਣਾਂ ਤੋਂ ਪਹਿਲਾਂ ਅਬੋਹਰ 'ਚ ਪੋਲ ਖੋਲ੍ਹ ਰੈਲੀ ਤੇ ਫਰੀਦਕੋਟ 'ਚ ਜ਼ਬਰ ਵਿਰੋਧੀ ਰੈਲੀ ਕੀਤੀ ਗਈ। ਇਸ ਦੇ ਬਾਵਜੂਦ ਮਾਲਵਾ 'ਚ ਨਤੀਜੇ ਅਕਾਲੀ ਦਲ ਦੇ ਪੱਖ 'ਚ ਨਹੀਂ ਭੁਗਤੇ। ਦਰਅਸਲ ਮਾਲਵਾ ਬੈਲਟ ਨੂੰ ਅਕਾਲੀ ਦਲ ਦਾ ਮਜਬੂਤ ਆਧਾਰ ਮੰਨਿਆ ਜਾਂਦਾ ਹੈ।

ਕੋਟਕਪੂਰਾ ਤੇ ਬਰਗਾੜੀ ਹਲਕਿਆਂ 'ਚ ਅਕਾਲੀ ਦਲ ਨੂੰ ਕਰਾਰੀ ਹਾਰ ਮਿਲੀ ਹੈ। ਮਾਲਵਾ ਖਿੱਤੇ 'ਚ ਸਿਰਫ ਦੋ ਹਲਕਿਆਂ 'ਚ ਅਕਾਲੀ ਦਲ ਨੇ ਲੀਡ ਹਾਸਲ ਕੀਤੀ ਹੈ। ਮਲੋਟ ਤੇ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਅਕਾਲੀ ਦਲ ਨੂੰ ਲੀਡ ਮਿਲੀ ਹੈ। ਬਾਕੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ 'ਚ ਅਕਾਲੀ ਦਲ ਨੂੰ ਨਮੋਸ਼ੀ ਸਹਿਣੀ ਪਈ। ਭਾਵੇਂ ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਵੱਡੀਆਂ ਰੈਲੀਆਂ ਕੀਤੀਆਂ, ਚੋਣ ਪ੍ਰਚਾਰ ਕੀਤਾ ਪਰ ਇਸ ਦੇ ਬਾਵਜੂਦ ਅਕਾਲੀ ਦਲ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਿਆ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਅਕਾਲੀ ਦਲ ਦੀ ਹਾਰ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ। ਸਭ ਤੋਂ ਵੱਡਾ ਕਰਾਨ ਚੋਣਾਂ ਤੋਂ ਐਨ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਬੇਅਦਬੀ ਕਾਂਡ 'ਚ ਅਕਾਲੀ ਦਲ ਦੀ ਸ਼ਮੂਲੀਅਤ ਹੈ। ਬੇਅਦਬੀ ਮਾਮਲਿਆਂ 'ਚ ਅਕਾਲੀ ਦਲ ਦਾ ਨਾਂ ਆਉਣ ਤੋਂ ਬਾਅਦ ਲੋਕਾਂ 'ਚ ਅਕਾਲੀਆਂ ਖਿਲਾਫ ਤਿੱਖਾ ਰੋਸ ਦੇਖਣ ਨੂੰ ਮਿਲਿਆ। ਇਸ ਦਾ ਨਤੀਜਾ ਚੋਣਾਂ 'ਚ ਵੀ ਸਾਹਮਣੇ ਆਇਆ।

ਹਾਲਾਂਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਸੱਤਾਧਿਰ ਦਾ ਹੀ ਇਨ੍ਹਾਂ ਚੋਣਾਂ 'ਚ ਜਿੱਤਣਾ ਤੈਅ ਹੁੰਦਾ ਹੈ ਪਰ ਅਕਾਲੀ ਦਲ ਨੂੰ ਜਿਸ ਤਰ੍ਹਾਂ ਮਾਲਵੇ 'ਚੋਂ ਵੱਡੀ ਹਾਰ ਮਿਲੀ ਇਹ ਰੁਝਾਨ ਦੱਸਦੇ ਹਨ ਕਿ ਅਕਾਲੀਆਂ ਨੂੰ ਲੋਕਾਂ ਨੇ ਉਨ੍ਹਾਂ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਵਿੱਚੋਂ ਵੀ ਨਕਾਰ ਦਿੱਤਾ ਹੈ।