ਚੰਡੀਗੜ੍ਹ: ਇਸ ਵਾਰ ਦੂਰ-ਦੂਰ ਤਕ ਪਏ ਮੀਹਾਂ ਨੇ ਸਾਲ 2011 ਤੋਂ ਬਾਅਦ ਮਾਨਸੂਨ ਦੀ ਲਗਾਤਾਰ ਵਿਗੜਦੀ ਆ ਰਹੀ ਹਾਲਤ ਨੂੰ ਸੰਭਾਲਿਆ ਹੈ। ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸੱਤ ਸਾਲ ਬਾਅਦ ਮਾਨਸੂਨ ਸੀਜ਼ਨ ਆਮ ਯਾਨੀ ਨਾਰਮਲ ਪੱਧਰ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਮਾਨਸੂਨ ਲਗਾਤਾਰ ਕਮਜ਼ੋਰ ਹੁੰਦਾ ਆਇਆ ਸੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਇਸ ਵਾਰ ਮਾਨਸੂਨ ਸੀਜ਼ਨ ਵਿੱਚ ਮੀਂਹ ਆਮ ਨਾਲੋਂ ਸੱਤ ਫ਼ੀਸਦ ਵੱਧ ਪਿਆ। ਸ਼ਨੀਵਾਰ ਨੂੰ ਪਏ ਮੀਂਹ ਕਾਰਨ ਸੂਬੇ ਵਿੱਚ ਸਤੰਬਰ ਦੇ ਆਖ਼ਰੀ ਹਫ਼ਤੇ ਤਕ 393.9 ਮਿਲੀਮੀਟਰ ਵਰਖਾ ਹੋਈ, ਜਦਕਿ ਅੰਦਾਜ਼ਾ 468.1 ਮਿਲੀਮੀਟਰ ਬਰਸਾਤ ਦਾ ਸੀ। ਸੂਬਾ ਪਿਛਲੇ ਸਮੇਂ ਦੌਰਾਨ ਮੀਂਹ ਦਾ 16 ਫ਼ੀਸਦੀ ਘਾਟਾ ਸਹਿ ਰਿਹਾ ਸੀ, ਪਰ ਮੌਸਮ ਵਿਭਾਗ ਦਾ ਦਾਅਵਾ ਹੈ ਕਿ ਇਸ ਵਾਰ ਪਈ ਚੰਗੀ ਬਰਸਾਤ ਨੇ ਸਾਰਾ ਖੱਪਾ ਪੂਰ ਦਿੱਤਾ ਹੈ। ਪੰਜਾਬ ਦੇ ਬਾਰਾਂ ਜ਼ਿਲ੍ਹਿਆਂ ਵਿੱਚ ਇਸ ਵਾਰ ਮੀਂਹ ਚੰਗੇ ਪਏ। ਬਠਿੰਡਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਘੱਟ, ਜਦਕਿ ਮਾਨਸਾ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਵਿੱਚ ਬਰਸਾਤ ਆਮ ਨਾਲੋਂ ਕਾਫੀ ਘੱਟ ਰਹੀ। ਸਭ ਤੋਂ ਵੱਧ ਮੀਂਹ ਰੂਪਨਗਰ ਜ਼ਿਲ੍ਹੇ ਵਿੱਚ ਪਿਆ। ਇਸ ਮਾਨਸੂਮ ਦੌਰਾਨ ਇੱਥੇ ਤਕਰੀਬਨ 1,000 ਮਿਲੀਮੀਟਰ ਬਰਸਾਤ ਹੋਈ। ਤਾਜ਼ਾ ਮੀਂਹ ਤੋਂ ਬਾਅਦ ਤਾਪਮਾਨ ਵੀ 32 ਡਿਗਰੀ ਤੋਂ ਘੱਟ ਕੇ 22 ਡਿਗਰੀ ਸੈਂਟੀਗ੍ਰੇਡ ਤਕ ਆ ਗਿਆ ਹੈ।
ਉੱਧਰ, ਕਿਸਾਨਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ 'ਤੇ ਲੱਗੀ ਹੋਈ ਝੋਨੇ ਦੀ ਫ਼ਸਲ ਨੂੰ ਇਸ ਮੀਂਹ ਨੇ ਬਹੁਤ ਨੁਕਸਾਨ ਪਹੁੰਚਾਉਣਾ ਹੈ। ਕਿਸਾਨਾਂ ਮੁਤਾਬਕ ਪੰਜਾਬ ਵਿੱਚ ਜ਼ਿਆਦਾਤਕ ਕਿਸਾਨ ਜੀਰੀ ਦੀਆਂ ਉਹ ਕਿਸਮਾਂ ਬੀਜਦੇ ਹਨ ਜੋ ਛੇਤੀ ਪੱਕਦੀਆਂ ਹਨ ਅਤੇ ਤਾਜ਼ਾ ਬਰਸਾਤ ਕਾਰਨ ਝੋਨੇ ਦੀ ਵਾਢੀ ਪੱਛੜ ਜਾਵੇਗੀ ਤੇ ਅਗਲੀ ਫ਼ਸਲ ਬੀਜਣ ਵਿੱਚ ਵੀ ਦੇਰੀ ਹੋਵੇਗੀ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਨੇ ਕਈ ਥਾਈਂ ਝੋਨੇ ਦੀ ਖੜ੍ਹੀ ਫਸਲ ਵਿਛਾ ਦਿੱਤੀ ਹੈ। ਜਲੰਧਰ ਦੇ ਕਿਸਾਨਾਂ ਮੁਤਾਬਕ ਉਨ੍ਹਾਂ ਦਾ ਤਕਰੀਬਨ 1500 ਏਕੜ ਝੋਨਾ ਮੀਂਹ ਕਾਰਨ ਡੁੱਬ ਗਿਆ ਹੈ। ਉੱਧਰ, ਪਟਿਆਲਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਘੱਗਰ ਦਰਿਆ ਦੇ ਵਧਦੇ ਪੱਧਰ 'ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਇਸ ਸਮੇਂ ਮਾਲਵੇ ਵਿੱਚ ਨਰਮਾ ਕਾਸ਼ਤਕਾਰਾਂ ਦੀ ਜੀਭ ਦੰਦਾਂ ਵਿਚਾਲੇ ਆਈ ਹੋਈ ਹੈ। ਇਸ ਵਾਰ ਕਿਸਾਨਾਂ ਨੂੰ ਬੰਪਰ ਝਾੜ ਦੀ ਆਸ ਸੀ ਪਰ ਭਰਵੀਂ ਬੇਮੌਸਮੀ ਬਰਸਾਤ ਨੇ ਨਰਮੇ ਦੀ ਚੁਗਾਈ ਵਿਚਾਲੇ ਹੀ ਰੋਕ ਦਿੱਤੀ ਹੈ। ਇਸ ਵਾਰ ਕਿਸਾਨਾਂ ਨੂੰ ਕਪਾਹ ਦਾ ਭਾਅ ਵੀ ਚੰਗਾ ਮਿਲ ਰਿਹਾ ਹੈ। ਹਾਲਾਂਕਿ, ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਵਾਧੇ ਕਾਰਨ ਨਰਮੇ ਦਾ ਐਮਐਸਪੀ 4020 ਰੁਪਏ ਫ਼ੀ ਕੁਇੰਟਲ ਤੋਂ ਵਧਾ ਕੇ 5150 ਕੀਤਾ ਗਿਆ ਹੈ, ਪਰ ਫ਼ਾਜ਼ਿਲਕਾ ਦੀ ਮੰਡੀ ਵਿੱਚ ਕਿਸਾਨਾਂ ਨੂੰ ਇੱਕ ਕੁਇੰਟਲ ਨਰਮੇ ਦੀ ਕੀਮਤ 5800 ਰੁਪਏ ਮਿਲ ਰਹੀ ਹੈ। ਪਰ ਬਰਸਾਤ ਨੇ ਨਰਮੇ ਦੀ ਚੁਗਾਈ ਵਿੱਚ ਅੜਿੱਕਾ ਡਾਹ ਦਿੱਤਾ ਹੈ।