ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਪੰਜਾਬ ਵਿੱਚ ਆਪਣੇ 7ਵੇਂ ਲੋਕ ਸਭਾ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਗੁਲਜ਼ਾਰ ਸਿੰਘ ਰਣੀਕੇ ਫ਼ਰੀਦਕੋਟ ਹਲਕੇ ਤੋਂ ਲੋਕ ਸਭਾ ਚੋਣ ਲੜਨਗੇ। ਅਕਾਲੀ ਬੀਜੇਪੀ ਗਠਜੋੜ ਪੰਜਾਬ ਵਿੱਚ 10:3 ਦੇ ਅਨੁਪਾਤ ਤਹਿਤ ਲੋਕ ਸਭਾ ਚੋਣ ਲੜਦੇ ਹਨ। ਹੁਣ ਅਕਾਲੀ ਦਲ ਦੇ ਤਿੰਨ ਉਮੀਦਵਾਰ ਐਲਾਨਣੇ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ ਤੇ ਫ਼ਿਰੋਜ਼ਪੁਰ ਸੰਸਦੀ ਹਲਕੇ ਹੀ ਬਾਕੀ ਹਨ।


ਅਕਾਲੀ ਦਲ ਸਨਮੁਖ ਇਨ੍ਹਾਂ ਤਿਨਾਂ ਹਲਕਿਆਂ 'ਤੇ ਉਮੀਦਵਾਰ ਐਲਾਨਣ ਲਈ ਔਖੀ ਹਾਲਤ ਬਣ ਗਈ ਹੈ। ਪਾਰਟੀ ਸੂਤਰਾਂ ਮੁਤਾਬਕ ਤਿੰਨੇ ਸੀਟਾਂ ਤੋਂ ਹਰਸਿਮਰਤ ਬਾਦਲ, ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਉਤਾਰਿਆ ਜਾ ਸਕਦਾ ਹੈ। ਪਹਿਲਾਂ ਪਾਰਟੀ ਵਿੱਚ ਸ਼ਸ਼ੋਪੰਜ ਸੀ ਕਿ ਹਰਸਿਮਰਤ ਬਾਦਲ ਦਾ ਸੰਸਦੀ ਹਲਕਾ ਬਦਲ ਕੇ ਫ਼ਿਰੋਜ਼ਪੁਰ ਕਰ ਦਿੱਤਾ ਜਾਵੇ, ਪਰ ਹੁਣ ਅਜਿਹਾ ਮੁਸ਼ਕਲ ਜਾਪਦਾ ਹੈ ਤੇ ਕੇਂਦਰੀ ਮੰਤਰੀ ਬਠਿੰਡਾ ਤੋਂ ਹੀ ਚੋਣ ਲੜ ਸਕਦੀ ਹੈ। ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਲੁਧਿਆਣਾ ਤੋਂ ਬਿਕਰਮ ਮਜੀਠੀਆ ਦੇ ਨਿੱਤਰਨ ਦੇ ਚਰਚੇ ਵੀ ਹਨ। ਮਜੀਠੀਆ ਤੋਂ ਬਾਅਦ ਮਨਪ੍ਰੀਤ ਇਆਲੀ ਤੇ ਸ਼ਰਨਜੀਤ ਢਿੱਲੋਂ ਦਾ ਨੰਬਰ ਵੀ ਲੱਗ ਸਕਦਾ ਹੈ।

ਰਣਨੀਤਕ ਤੌਰ 'ਤੇ ਪਾਰਟੀ ਲਈ ਕੁਝ ਲੋਕ ਸਭਾ ਹਲਕਿਆਂ 'ਤੇ ਅਜਿਹੇ ਉਮੀਦਵਾਰ ਉਤਾਰਨੇ ਬੇਹੱਦ ਲੋੜੀਂਦੇ ਬਣ ਗਏ ਹਨ। 2015 ਵਿੱਚ ਵਾਪਰੀਆਂ ਬੇਅਦਬੀਆਂ ਤੇ ਗੋਲ਼ੀਕਾਂਡਾਂ ਕਾਰਨ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਹਾਲੇ ਵੀ ਗੁੱਸਾ ਬਰਕਰਾਰ ਹੈ। ਰਹਿੰਦੀ-ਖੂਹੰਦੀ ਕਸਰ ਪਾਰਟੀ ਦੇ ਦਿੱਗਜ ਲੀਡਰਾਂ ਵੱਲੋਂ ਕਿਨਾਰਾ ਕਰ ਲਿਆ ਗਿਆ, ਜਿਸ ਕਾਰਨ ਪਾਰਟੀ ਦੀ ਸਾਖ ਨੂੰ ਖਾਸਾ ਵੱਟਾ ਲੱਗਿਆ ਹੈ। ਅਕਾਲੀ ਦਲ ਆਪਣੀ ਜਿੱਤ ਯਕੀਨੀ ਬਣਾਉਣ ਲਈ ਇਹ ਵੱਡੇ ਚਿਹਰੇ ਅੱਗੇ ਕਰ ਸਕਦਾ ਹੈ।

ਉੱਧਰ, ਕਾਂਗਰਸ ਵੱਲੋਂ ਵੀ ਤਿੰਨ ਲੋਕ ਸਭਾ ਉਮੀਦਵਾਰ ਐਲਾਨਣੇ ਬਾਕੀ ਹਨ। ਦੋਵਾਂ ਪਾਰਟੀਆਂ ਵੱਲੋਂ ਬਠਿੰਡਾ ਸੀਟ ਤੋਂ ਕਿਸ ਨੂੰ ਉਤਾਰਿਆ ਜਾਂਦਾ ਹੈ, ਇਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਜਿੱਥੇ ਬਠਿੰਡਾ ਅਕਾਲੀ ਦਲ ਦਾ ਗੜ੍ਹ ਹੈ, ਉੱਥੇ ਹੀ ਕਾਂਗਰਸ ਦਾ ਮਜ਼ਬੂਤ ਉਮੀਦਵਾਰ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਸਕਦਾ ਹੈ। ਇਸੇ ਲਈ ਸ਼ਾਇਦ ਦੋਵੇਂ ਇੱਕ ਦੂਜੇ ਵੱਲੋਂ ਪੱਤੇ ਖੋਲ੍ਹਣ ਦੇ ਇੰਤਜ਼ਾਰ ਵਿੱਚ ਹਨ।