Farmer Protest: ਪੰਜਾਬ ਦੇ ਨਾਲ-ਨਾਲ ਦੇਸ਼ ਭਰ ਵਿੱਚ ਇਸ ਵੇਲੇ ਕਿਸਾਨੀ ਅੰਦੋਲਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰਿਆਣਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਸ ਦੀ ਕਿਸਾਨਾਂ ਦੇ ਨਾਲ ਨਾਲ ਸਿਆਸੀ ਜਮਾਤਾਂ ਵੱਲੋਂ ਮੁਖ਼ਾਲਫ਼ਤ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਪੰਥਕ ਤੇ ਕਿਸਾਨ ਹਿਤੈਸ਼ੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਚੁੱਪੀ ਇਸ ਵੇਲੇ ਕਿਤੇ ਨਾ ਕਿਤੇ ਲੋਕਾਂ ਨੂੰ ਰੜਕ ਰਹੀ ਹੈ।
ਜੇ ਪਿਛਲੇ 2-3 ਦਿਨਾਂ ਦੀ ਖ਼ਾਸ ਤੌਰ ਉੱਤੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ(ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ) ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਗਈ ਹੈ। ਹਾਲਾਂਕਿ ਕਾਂਗਰਸ ਦੀ ਬੀਤੇ ਦਿਨੀ ਹੋਈ ਰੈਲੀ ਦੀ ਨੁਕਤਾ ਚੀਨੀ ਜ਼ਰੂਰ ਕੀਤੀ ਗਈ ਹੈ ਪਰ ਇਸ ਵਿੱਚੋਂ ਕਿਸਾਨ ਤੇ ਕਿਸਾਨੀ ਮੁੱਦੇ ਮਨਫ਼ੀ ਜਾਪੇ ਹਨ।
ਪਿੰਡਾਂ ਦੀਆਂ ਸੱਥਾਂ ਵਿੱਚ ਵੀ ਹੁਣ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਮੁੜ ਸਮਝੌਤਾ ਹੋ ਰਿਹਾ ਹੈ। ਬੇਸ਼ੱਕ ਅਜੇ ਤੱਕ ਅਕਾਲੀ ਦਲ ਦੇ ਲੀਡਰ ਤੇ ਭਾਜਪਾ ਦੇ ਲੀਡਰ ਇਸ ਤੋਂ ਕਿਨਾਰਾ ਕਰ ਰਹੇ ਹਨ ਪਰ ਇੱਥੇ ਇੱਕ ਕਹਾਵਤ ਸੱਚੀ ਹੁੰਦੀ ਦਿਖਾਈ ਦੇ ਰਹੀ ਹੈ ਕਿ ਦੋਵਾਂ ਵੱਲੋਂ ਢਕੀ ਰਿੱਝੀ ਜਾ ਰਹੀ ਹੈ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਲਾਤ ਕੋਈ ਜ਼ਿਆਦਾ ਸੁਖਾਵੇਂ ਨਹੀਂ ਹਨ, ਪਾਰਟੀ ਕੋਲ ਲੋਕ ਸਭਾ ਦੀਆਂ 2 ਹੀ ਸੀਟਾਂ ਹਨ ਤੇ ਇਸ ਵੇਲੇ ਦੇ ਹਲਾਤਾਂ ਮੁਤਾਬਕ ਨਵੀਆਂ ਛੱਡੋ ਤਾਂ ਉਨ੍ਹਾਂ ਨੂੰ ਹੀ ਬਚਾ ਕੇ ਰੱਖਣਾ ਬਹੁਤ ਔਖਾ ਜਾਪ ਰਿਹਾ ਹੈ। ਭਾਜਪਾ ਵੀ ਇਕੱਲਿਆ ਕੋਈ ਕਮਾਲ ਨਹੀਂ ਕਰ ਰਹੀ ਹੈ। ਇਸ ਲਈ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੀ ਲੋੜ ਜਾਪ ਰਹੀ ਹੈ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਦੋਵਾਂ ਦਾ ਸਮਝੌਤਾ ਹੋ ਜਾਵੇਗਾ।
ਚੱਲੋ ਮੰਨ ਲਿਆ ਜਾਵੇ ਕਿ ਇਨ੍ਹਾਂ(ਅਕਾਲੀ-ਭਾਜਪਾ) ਦਾ ਸਮਝੌਤਾ ਹੋ ਗਿਆ, ਪਰ ਇੱਥੇ ਅਕਾਲੀ ਦਲ ਜਦੋਂ ਲੋਕਾਂ ਵਿੱਚ ਜਾਵੇਗਾ ਤਾਂ ਇਸ ਸਵਾਲ ਦਾ ਕੀ ਜਵਾਬ ਦੇਵੇਗਾ, ਜਦੋਂ ਲੋਕ ਪੁੱਛਣਗੇ ਕਿ ਪਹਿਲਾਂ ਤੁਸੀਂ ਕਿਸਾਨਾਂ ਤੇ ਐਮਐਸਪੀ ਦੇ ਹੱਕ ਵਿੱਚ ਭਾਜਪਾ ਨਾਲੋਂ ਤੋੜ ਵਿਛੋੜਾ ਕੀਤਾ ਸੀ ਤੇ ਵਜ਼ੀਰੀ ਵੀ ਛੱਡੀ ਸੀ, ਹੁਣ ਜੇ ਮੁੜ ਸਮਝੌਤਾ ਕੀਤਾ ਗਿਆ ਹੈ ਤਾਂ ਕੀ ਕਿਸਾਨੀ ਮਸਲੇ ਹੱਲ ਹੋ ਗਏ ਹਨ ਜਾਂ ਫਿਰ ਕਿਸਾਨਾਂ ਨੂੰ ਐਮਐਸਪੀ ਮਿਲ ਗਈ ਹੈ।