Hoshiarpur News: ਦੇਰ ਸ਼ਾਮ ਮਾਹਿਲਪੁਰ ਦੀ ਹਦੂਦ ਨਾਲ ਲੱਗਦੇ ਪਿੰਡ ਚੰਦੇਲੀ ਵਿੱਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਪਿੰਡ ਦੇ ਬਾਹਰਵਾਰ ਇੱਕ ਧਾਰਮਿਕ ਡੇਰੇ ’ਤੇ 18 ਸਾਲਾ ਨੌਜਵਾਨ ਦੀ ਲਾਸ਼ ਡੇਰੇ ਦੇ ਦਰਖ਼ਤ ਨਾਲ ਲਟਕਦੀ ਦੇਖੀ ਗਈ। ਮ੍ਰਿਤਕ 10 ਦਿਨਾਂ ਤੋਂ ਲਾਪਤਾ ਸੀ। ਥਾਣਾ ਮੁਖੀ ਰਮਨ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਰਾਮ ਸਹਾਏ ਵਾਸੀ ਚੰਦੇਲੀ ਨੇ ਦੱਸਿਆ ਕਿ ਉਸ ਦੇ ਚਚੇਰਾ ਭਰਾ ਜਸਕਰਨ ਸਿੰਘ ਪੁੱਤਰ ਰਾਮ ਮੂਰਤੀ ਦਿਹਾੜੀ ਕਰਦਾ ਸੀ। ਉਹ ਪਹਿਲੀ ਫ਼ਰਵਰੀ ਨੂੰ ਕੰਮ ’ਤੇ ਗਿਆ ਪਰ ਵਾਪਸ ਨਾ ਮੁੜਿਆ। ਉਸ ਨੇ ਦੱਸਿਆ ਕਿ ਤਿੰਨ ਤੇ ਪੰਜ ਫ਼ਰਵਰੀ ਨੂੰ ਉਸ ਨੇ ਫ਼ੋਨ ’ਤੇ ਦੱਸਿਆ ਸੀ ਕਿ ਉਹ ਕੰਮ ’ਤੇ ਹੈ ਤੇ ਚਿੰਤਾ ਨਾ ਕਰੋ।
SGB: Valentine's Day ਮੌਕੇ ਸਸਤਾ ਹੋਇਆ ਸੋਨਾ, 16 ਫਰਵਰੀ ਤੱਕ ਮਿਲੇਗਾ ਤਗੜਾ ਡਿਸਕਾਊਂਟ!
ਉਸ ਨੇ ਦੱਸਿਆ ਕਿ ਦੇਰ ਸ਼ਾਮ ਪਿੰਡ ਦੇ ਬਾਹਰਵਾਰ ਡੇਰਾ ਦੇਹਰਾ ਵਿਖ਼ੇ ਸੇਵਾ ਕਰਨ ਜਾਂਦੇ ਔਰਤਾਂ ਤੇ ਮਰਦਾਂ ਨੇ ਵੇਖਿਆ ਕਿ ਉੱਥੇ ਲਾਸ਼ ਲਟਕ ਰਹੀ ਸੀ। ਉਨ੍ਹਾਂ ਪਿੰਡ ਵਾਸੀਆਂ ਤੇ ਪੰਚਾਇਤ ਨੂੰ ਜਾ ਕੇ ਦੱਸਿਆ ਤਾਂ ਪਤਾ ਲੱਗਾ ਕਿ ਇਹ ਜਸਕਰਨ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡੇਢ ਸਾਲ ਪਹਿਲਾਂ ਵੀ ਉਨ੍ਹਾਂ ਦੇ ਬੇਟੇ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਕੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਦਿੱਤੀ ਸੀ।
ਉਨ੍ਹਾਂ ਦੋਸ਼ ਲਾਇਆ ਕਿ ਕਤਲ ਕਰਨ ਵਾਲੇ ਕੁੱਟਮਾਰ ਕਰਕੇ ਵਿਦੇਸ਼ ਦੌੜ ਗਏ ਹਨ। ਉਨ੍ਹਾਂ ਦੱਸਿਆ ਕਿ ਉਸ ਵੇਲੇ ਵੀ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਸੀ ਤੇ ਅੱਜ ਉਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣਾ ਪੁੱਤਰ ਗੁਆਉਣਾ ਪਿਆ। ਮਾਹਿਲਪੁਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਉਸ ਦੇ ਚਚੇਰੇ ਭਰਾ ਨੇ ਦੱਸਿਆ ਕਿ ਜਸਕਰਨ ਪੂਰੀ ਤਰਾਂ ਨਾਲ ਅਨ੍ਹਪੜ੍ਹ ਸੀ ਤੇ ਇਹ ਨੋਟ ਕਤਲ ਕਰਨ ਵਾਲਿਆਂ ਨੇ ਲਿਖ਼ ਕੇ ਉਸ ਦੀ ਜੇਬ ਵਿੱਚ ਪਾਇਆ ਹੈ। ਮ੍ਰਿਤਕ ਨੂੰ ਤਾਂ ਲਿਖ਼ਣਾ ਨਹੀਂ ਆਉਂਦਾ ਸੀ ਤੇ ਇਹ ਲਿਖ਼ਤ ਉਸ ਦੀ ਨਹੀਂ ਹੈ।