ਚੰਡੀਗੜ੍ਹ: ਅਕਾਲੀ ਦੇਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਅਕਾਲੀ ਦਲ ਇੱਕ ਹੀ ਹੈ ਜੋ 1920 ਵਿੱਚ ਬਣਿਆ ਤੇ ਉਸ ਦੀ ਇੱਕ ਹੀ ਨੀਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਲੋਕ ਅਕਾਲੀ ਦਲ ਨਾਲ ਜੁੜੇ ਹਨ, ਉਨ੍ਹਾਂ ਨੂੰ ਇਸ ਨਾਲ ਖੜ੍ਹੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤੇ ਜੋ ਕੋਈ ਵੀ ਇਸ ਨੂੰ ਮਜ਼ਬੂਤ ਕਰ ਸਕੇਗਾ, ਉਸ ਦਾ ਸਾਥ ਜ਼ਰੂਰ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਉਹ ਇਸ ਕੰਮ ਲਈ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰਾਂ ਨੂੰ ਵੀ ਮਨਾਉਣ ਦਾ ਯਤਨ ਕਰਨਗੇ।

ਇਸੇ ਦੌਰਾਨ ਉਨ੍ਹਾਂ ਨਵਜੋਤ ਸਿੰਘ ਦੇ ਚੱਲ ਰਹੇ ਵਿਵਾਦ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਨੇ ਆਪਣੀ ਟੀਮ ਦੇ ਕਪਤਾਨ ਨੂੰ ਆਪਣਾ ਲੀਡਰ ਮੰਨਣੋਂ ਇਨਕਾਰ ਕਰ ਦਿੱਤਾ ਹੈ। ਕਪਤਾਨ ਲਈ ਇਮਤਿਹਾਨ ਹੈ ਕਿ ਜੋ ਵਜ਼ੀਰ ਉਨ੍ਹਾਂ ਨੂੰ ਆਪਣਾ ਲੀਡਰ ਹੀ ਨਹੀਂ ਮੰਨਦੇ, ਉਹ ਉਨ੍ਹਾਂ ਨੂੰ ਆਪਣਾ ਵਜ਼ੀਰ ਕਿਵੇਂ ਰੱਖ ਸਕਦੇ ਹਨ।

ਉਨ੍ਹਾਂ ਸਿੱਧੂ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਿੱਧੂ ਨੇ ਦੂਜੇ ਦੇਸ਼ ਜਾ ਕੇ ਆਪਣੇ ਦੇਸ਼ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ। ਸਿੱਧੂ ਪਾਕਿਸਤਾਨ ਦੀ ਵਕਾਲਤ ਕਰ ਰਹੇ ਹਨ ਤੇ ਪਾਕਿਸਤਾਨ ਦੇ ਬੁਲਾਰੇ ਵਜੋਂ ਗੱਲ ਕਰ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸਿੱਧੂ ਇਮਰਾਨ ਖ਼ਾਨ ਦੇ ਹੱਥਾਂ ਵਿੱਚ ਖੇਡ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਕਿਸਤਾਨ ਨਾ ਜਾਣ ਦੇ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਏਗਾ।