ਜਗਤਾਰ ਦੋਸਾਂਝ


ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਦਲ ਤੇ ਡੇਰਾ ਸਿਰਸਾ ਨੂੰ ਮੁਲਜ਼ਮ ਮੰਨਿਆ ਗਿਆ ਹੈ। ਰਿਪੋਰਟ 'ਚ ਅਕਾਲੀ ਲੀਡਰਾਂ ਦੇ ਨਾਂ ਆਉਣ 'ਤੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ।


ਸਿੱਟੇ ਵਜੋਂ ਪੰਜਾਬ ਵਿੱਚ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਲਗਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਡੇਰਾ ਸਿਰਸਾ ਮੁਖੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।


ਅਕਾਲੀ ਦਲ ਖਿਲਾਫ ਰੋਸ ਦੇ ਚੱਲਦਿਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਵਿੱਚ ਜਿੱਥੇ ਪਿੰਡ ਦੇ ਗੁਰਦੁਆਰੇ ਵਿੱਚ ਹੋਕਾ ਦੇ ਕੇ ਅਕਾਲੀ ਲੀਡਰਾਂ ਦਾ ਪਿੰਡ ਆਉਣ 'ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਹੋਕੇ 'ਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਅਕਾਲੀਆਂ ਤੇ ਡੇਰਾ ਸਿਰਸਾ ਦਾ ਬਾਈਕਾਟ ਹੈ। ਅਕਾਲੀ ਦਲ ਦੇ ਲੀਡਰਾਂ ਦਾ ਪਿੰਡ ਵਿੱਚ ਆਉਣ 'ਤੇ ਕਾਲੀਆ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।


ਇਸ ਮੌਕੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਮੈਂਬਰ ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਸ਼ਮੂਲੀਅਤ ਰੱਖਣ ਵਾਲੇ ਆਕਲੀ ਦਲ ਤੇ ਡੇਰਾ ਸਿਰਸਾ ਦਾ ਬਾਈਕਾਟ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਕਲੀ ਦਲ ਦਾ ਵਿਰੋਧ ਕੀਤਾ ਜਾਵੇਗਾ।