ਚੰਡੀਗੜ੍ਹ: ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਪੰਜਾਬ ਦੇ ਧਾਰਮਿਕ ਤੇ ਸਿਆਸੀ ਹਲਕਿਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਦਾ ਨਾਂ ਆਉਣ ਕਰਕੇ ਸਿਆਸੀ ਮੰਚ 'ਤੇ ਜਿੱਥੇ ਸ਼੍ਰੋਮਣੀ ਅਕਾਲੀ ਤਰ੍ਹਾਂ ਬੁਰੀ ਤਰ੍ਹਾਂ ਘਿਰ ਗਿਆ ਹੈ, ਉੱਥੇ ਹੀ ਧਾਰਮਿਕ ਹਲਕਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਉੱਪਰ ਗੰਭੀਰ ਸਵਾਲ ਉੱਠ ਰਹੇ ਹਨ।


 

ਦਰਅਸਲ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਹੋਈ ਬਹਿਸ ਦੌਰਾਨ ਕਾਂਗਰਸ ਦੇ ਗੁਰਸਿੱਖ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਉੱਪਰ ਤਿੱਖੇ ਹਮਲੇ ਕੀਤੇ ਗਏ ਸੀ। ਇਸ ਮਗਰੋਂ ਸਿੱਖ ਜਗਤ ਦੀਆਂ ਕਈ ਹੋਰ ਸੰਸਥਵਾਂ ਨੇ ਵੀ ਸਵਾਲ ਚੁੱਕੇ ਹਨ। ਇਸ ਬਾਰੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੇ ਇਲਜ਼ਾਮਾਂ ਉੱਪਰ ਅੱਜ ਵੀ ਕਾਇਮ ਹਨ ਤੇ ਕਿਸੇ ਜਗ੍ਹਾ ਵੀ ਇਸ ਨੂੰ ਸਾਬਤ ਕਰਨ ਲਈ ਤਿਆਰ ਹਨ।

'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਹਰਮਿੰਦਰ ਗਿੱਲ ਨੇ ਕਿਹਾ ਕਿ ਪਹਿਲਾਂ ਜਦੋਂ ਜਥੇਦਾਰ ਸਾਹਿਬ ਵਿਦੇਸ਼ਾਂ 'ਚ ਜਾਂਦੇ ਸੀ ਤਾਂ ਏਅਰਪੋਰਟ ਉੱਪਰ ਉਨ੍ਹਾਂ ਦੇ ਸਵਾਗਤ ਲਈ ਰੌਣਕਾਂ ਲੱਗ ਜਾਂਦੀਆਂ ਸਨ। ਅੱਜ ਜੋ ਜਥੇਦਾਰਾਂ ਤੇ ਸਿੱਖ ਆਗੂਆਂ ਨਾਲ ਹੋ ਰਿਹਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ। ਗਿੱਲ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਕੀਤਾ ਗਿਆ ਤਾਂ ਉਹ ਉੱਥੇ ਜ਼ਰੂਰ ਜਾਣਗੇ ਤੇ ਆਪਣਾ ਪੱਖ ਰੱਖਣਗੇ।

ਉਨ੍ਹਾਂ ਕਿਹਾ ਕਿ ਜਥੇਦਾਰ ਦੇ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਵਿੱਚ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦਾ ਲੜਕਾ ਤੇ ਜਵਾਈ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਹਨ। ਇਸ ਤੋਂ ਇਲਾਵਾ ਨਿਯਮਾਂ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਮਰ 60 ਸਾਲ ਤੋਂ ਵੱਧ ਨਹੀਂ ਹੋ ਸਕਦੀ ਪਰ ਇਸ ਜਥੇਦਾਰ ਦੀ ਉਮਰ 70 ਸਾਲ ਤੋਂ ਵੱਧ ਹੈ। ਇਸ ਲਈ ਅਕਾਲੀ ਦਲ ਨੇ ਕਈ ਨਿਯਮਾਂ ਨੂੰ ਛਿੱਕੇ ਟੰਗਿਆ ਹੈ।

ਗਿੱਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉੱਪਰ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਲੌਂਗੋਵਾਲ ਨੇ ਸੁਨਾਮ ਤੋਂ ਚੋਣ ਲੜੀ। ਇਸ ਲਈ ਉਹ ਡੇਰਾ ਸਿਰਸਾ ਵਿੱਚ ਵੀ ਵੋਟਾਂ ਮੰਗਣ ਗਿਆ। ਇਸ ਕਾਰਨ ਉਸ ਨੂੰ ਸਜ਼ਾ ਯਾਫ਼ਤਾ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਦੀ ਮਿਹਰ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਥਾਪ ਦਿੱਤਾ ਗਿਆ।

ਇੱਕ ਸਵਾਲ ਦੇ ਜਵਾਬ ਵਿੱਚ ਗਿੱਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਅੱਜ ਵੀ ਸਰਵਉੱਚ ਹੈ ਤੇ ਉਨ੍ਹਾਂ ਲਈ ਸਰਵਉੱਚ ਹੀ ਰਹੇਗਾ ਪਰ ਅਕਾਲੀ ਦਲ ਦੇ ਲੋਕਾਂ ਤੇ ਜਥੇਦਾਰਾਂ ਨੇ ਅਕਾਲ ਤਖ਼ਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਹਰਮਿੰਦਰ ਗਿੱਲ ਨੇ ਸਰਬਤ ਖਲਾਸਾ ਵੱਲੋਂ ਥਾਪੇ ਜਥੇਦਾਰਾਂ ਬਾਰੇ ਕੁਝ ਕਹਿਣ ਤੋਂ ਗੁਰੇਜ਼ ਕੀਤਾ। ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਿੱਖ ਹੋਣ ਦੇ ਨਾਤੇ ਸਾਰੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਪੰਥ ਦੇ ਗੱਦਾਰਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਫਾਰਗ ਕੀਤਾ ਜਾਵੇ।

ਗਿੱਲ ਨੇ ਇਹ ਵੀ ਆਖਿਆ ਕਿ ਲੋਕ ਹੁਣ ਇਨ੍ਹਾਂ ਜਥੇਦਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਇਸ ਦੀ ਮਿਸਾਲ ਮੂਸੇ ਕਲਾਂ ਪਿੰਡ ਵਿੱਚ ਵਾਪਰੀ ਜਿੱਥੋਂ ਬਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਨੂੰ ਵਾਪਸ ਮੁੜਨਾ ਪਿਆ।