ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਭਗਵਾਨ ਸਿੰਘ ਭਾਨਾ 'ਤੇ ਬੀਤੀ ਦੇਰ ਰਾਤ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿੱਚ ਭਾਨਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਬੀਤੀ ਦੇਰ ਰਾਤ ਜਦੋਂ ਭਗਵਾਨ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਮਾਰੂਤੀ ਕਾਰ ਵਿੱਚ ਸਵਾਰ 4 ਲੋਕ ਉਸ ਦਾ ਪਿੱਛਾ ਕਰਨ ਲੱਗ ਪਏ। ਮੌਕਾ ਪਾਉਂਦੇ ਹੀ ਉਨ੍ਹਾਂ 'ਚੋਂ 1 ਨੇ ਭਾਨਾ 'ਤੇ ਬੰਦੂਕ ਨਾਲ ਗੋਲ਼ੀ ਦਾਗ਼ ਦਿੱਤੀ। ਗੋਲ਼ੀ ਉਸ ਦੀ ਪਿੱਠ ਵਿੱਚ ਲੱਗੀ ਤੇ ਉਸ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਪੁਲਿਸ ਨੇ 4 ਅਣਪਛਾਤੇ ਲੋਕਾਂ 'ਤੇ ਧਾਰਾ 307 ਤਹਿਤ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਸੀ.ਸੀ.ਟੀ.ਵੀ. ਤੇ ਮੋਬਾਈਲ ਲੋਕੇਸ਼ਨ ਵੀ ਖੰਘਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੱਸਦੇ ਹਨ ਕਿ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਇਹ ਪਤਾ ਲੱਗ ਸਕਦਾ ਹੈ ਕਿ ਮਾਮਲਾ ਸਿਆਸੀ ਹੈ ਜਾਂ ਨਿਜੀ ਰੰਜਿਸ਼ ਦਾ ਹੈ। ਉੱਧਰ ਪੀੜਤ ਅਕਾਲੀ ਆਗੂ ਦਾ ਕਹਿਣਾ ਹੈ ਕਿ ਉਸ ਦੇ ਪਿੰਡ ਦੇ ਹੀ ਕੁਝ ਲੋਕ ਉਸ ਦੀ ਸਿਆਸੀ ਤਰੱਕੀ ਤੋਂ ਸੜਦੇ ਹਨ। ਉਸ ਨੇ ਇਸ ਹਮਲੇ ਪਿੱਛੇ ਉਨ੍ਹਾਂ 'ਤੇ ਸ਼ੱਕ ਜ਼ਾਹਰ ਕੀਤਾ।