ਗੁਰਦਾਸਪੁਰ: ਨਿਜੀ ਖੇਤਰ ਦੇ ਪ੍ਰਮੁੱਖ ਯੈੱਸ ਬੈਂਕ ਦੀ ਸ਼ਹਿਰ ਵਿੱਚ ਤਿਬੜੀ ਰੋਡ 'ਤੇ ਸਥਿਤ ਸ਼ਾਖਾ ਨੂੰ ਅੱਗ ਲੱਗ ਗਈ। ਇਸ ਬਾਰੇ ਉਦੋਂ ਜਾਣਕਾਰੀ ਹੋਈ ਜਦੋਂ ਸ਼ਹਿਰ ਵਿੱਚ ਰਾਤ ਸਮੇਂ ਗਸ਼ਤ ਕਰਦੀ ਪੁਲਿਸ ਪਾਰਟੀ ਬੈਂਕ ਕੋਲੋਂ ਗੁਜ਼ਰ ਰਹੀ ਸੀ। ਉਨ੍ਹਾਂ ਫੌਰਨ ਅੱਗ ਬੁਝਾਊ ਦਸਤੇ ਨੂੰ ਸੂਚਿਤ ਕੀਤਾ ਤੇ ਸਵੇਰੇ 4 ਵਜੇ ਤਕ ਅੱਗ ਬੁਝਾ ਦਿੱਤੀ ਗਈ।
ਅੱਗ ਲੱਗਣ ਦੀ ਘਟਨਾ ਕੋਈ ਛੋਟੀ ਤਾਂ ਨਹੀਂ ਹੁੰਦੀ ਪਰ ਇਸ ਘਟਨਾ ਬਾਰੇ ਬੈਂਕ ਦੇ ਮੈਨੇਜਰ ਇਹ ਕਹਿ ਰਹੇ ਸਨ ਕਿ ਸਭ ਕੁਝ ਠੀਕ ਹੈ। ਹਾਲਾਂਕਿ, ਬੈਂਕ ਦੀ ਹਾਲਤ ਤੋਂ ਅਜਿਹਾ ਨਹੀਂ ਜਾਪਦਾ। ਮੈਨੇਜਰ ਆਕਾਸ਼ ਨੇ ਮੀਡੀਆ ਨੂੰ ਬੈਂਕ ਦੀ ਇਮਾਰਤ ਵਿੱਚ ਲੱਗੀ ਅੱਗ ਤੋਂ ਬਾਅਦ ਹੋਏ ਨੁਕਸਾਨ ਦੀ ਕਵਰੇਜ ਕਰਨ ਤੋਂ ਵੀ ਰੋਕਿਆ।
ਇਸ ਮਾਮਲੇ ਵਿੱਚ ਥਾਣਾ ਸ਼ਹਿਰੀ ਦੇ ਮੁਖੀ ਸ਼ਾਮ ਲਾਲ ਨੇ ਦੱਸਿਆ ਕਿ ਬੈਂਕ ਵਿੱਚ ਕੀ-ਕੀ ਨੁਕਸਾਨ ਹੋਇਆ ਹੈ, ਇਸ ਬਾਰੇ ਜਾਣਕਾਰੀ ਤਾਂ ਬੈਂਕ ਅਧਿਕਾਰੀ ਜਾਂ ਸ਼ਾਖਾ ਪ੍ਰਬੰਧਕ ਹੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਪੱਧਰ 'ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ।