ਬਠਿੰਡਾ: ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਦੀ ਮ੍ਰਿਤਕ ਦੇਹ ਦੀ ਦਾਅਵੇਦਾਰੀ 'ਤੇ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਚੰਡੀਗੜ੍ਹ ਤੋਂ ਪਹੁੰਚੀ ਲੜਕੀ ਅਮਨਦੀਪ ਨੇ ਪ੍ਰਭਦੀਪ ਦੀ ਪਤਨੀ ਹੋਣ ਦਾਅਵਾ ਕੀਤਾ। ਪਰ ਪਰਿਵਾਰ ਵਾਲਿਆਂ ਨੇ ਇਸ ਵਿਆਹ ਤੋਂ ਇਨਕਾਰ ਕਰ ਦਿਤਾ। ਅਮਨਦੀਪ ਮੁਤਾਬਕ 16 ਦਸੰਬਰ 2015 ਨੂੰ ਪ੍ਰਭਦੀਪ ਨੇ ਉਸ ਨਾਲ ਵਿਆਹ ਕੀਤਾ ਸੀ।
ਪ੍ਰਭਦੀਪ ਜੇ ਪਰਿਵਾਰ ਵਿੱਚੋਂ ਉਸ ਦੇ ਮਾਮਾ ਜਦੋਂ ਲਾਸ਼ ਲੈਣ ਲਈ ਪਹੁੰਚੇ ਤਾਂ ਅਮਨਦੀਪ ਨੇ ਆਪਣਾ ਦਾਅਵਾ ਕੀਤਾ। ਜਦਕਿ ਪਰਿਵਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ। ਅਮਨਦੀਪ ਨੇ ਦਾਅਵਾ ਕੀਤਾ ਕਿ ਉਹ ਗਿੱਦੜਬਾਹਾ ਤੋਂ ਪਿਉਰੀ ਪਿੰਡ ਦੀ ਰਹਿਣ ਵਾਲੀ ਹੈ ਤੇ ਤਕਰੀਬਨ ਤਿੰਨ ਸਾਲ ਪਹਿਲਾਂ ਨੂੰ ਉਸ ਦਾ ਵਿਆਹ ਅਬੋਹਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਪ੍ਰਭਦੀਪ ਨਾਲ ਹੋਇਆ ਸੀ ਅਤੇ ਉਹ ਚਾਰ ਮਹੀਨੇ ਆਪਣੇ ਸਹੁਰੇ ਘਰ ਵਿੱਚ ਵੀ ਰਹੀ ਸੀ। ਪਰ ਬਾਅਦ ਵਿੱਚ ਘਰ ਅਣਬਣ ਰਹਿਣ ਕਾਰਨ ਤੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਾਰਨ ਉਸ ਨੇ ਘਰ ਛੱਡ ਦਿੱਤਾ ਤੇ ਆਪਣੇ ਪਤੀ ਨਾਲ ਚੰਡੀਗੜ੍ਹ ਰਹਿਣ ਲੱਗ ਪਈ। ਪਰ ਪਰਿਵਾਰ ਉਸ ਨੂੰ ਮਿਲਣ ਨਹੀਂ ਦੇ ਰਿਹਾ ਸੀ ਅਤੇ ਉਸਦੇ ਵਿਆਹ ਤੋਂ ਵੀ ਇਨਕਾਰ ਕਰ ਰਿਹਾ ਸੀ।
ਦੂਜੇ ਪਾਸੇ ਪ੍ਰਭਦੀਪ ਦੇ ਮਾਮਾ ਨੇ ਕਿਹਾ ਕਿ ਅਸੀਂ ਇਸ ਲੜਕੀ ਨੂੰ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਉਸ ਦੇ ਯਾਰ-ਦੋਸਤ ਉਸ ਦੇ ਅੰਤਿਮ ਸਸਕਾਰ ਚ ਸ਼ਾਮਿਲ ਹੋ ਸਕਦੇ ਹਨ ਸਾਨੂੰ ਕੋਈ ਇਤਰਾਜ਼ ਨਹੀਂ। ਪ੍ਰਭਦੀਪ ਦੇ ਮਾਮੇ ਨੇ ਇਹ ਜ਼ਰੂਰ ਕਿਹਾ ਕਿ ਅਮਨਦੀਪ ਜਿਸ ਵਿਆਹ ਬਾਰੇ ਕਹਿ ਰਹੀ ਹੈ, ਉਹ ਉਸ ਦੇ ਸਾਹਮਣੇ ਨਹੀਂ ਹੋਇਆ। ਪ੍ਰਭਦੀਪ ਦੇ ਗੈਂਗਸਟਰ ਹੋਣ ਬਾਰੇ ਉਹਦੇ ਮਾਮਾ ਨੇ ਕਿਹਾ ਕਿ ਉਸ ਦਾ ਚਾਲ-ਚਲਣ ਮਾੜਾ ਸੀ ਤੇ ਉਹ ਆਪਣੀ ਮਾਂ ਨਾਲ ਕੁੱਟਮਾਰ ਵੀ ਕਰਦਾ ਸੀ ਜਿਸ ਕਰਕੇ ਉਹ ਘਰੋਂ ਬਾਹਰ ਰਹਿੰਦਾ ਸੀ।
ਖ਼ੁਦ ਨੂੰ ਗੈਂਗਸਟਰ ਦੀ ਪਤਨੀ ਦੱਸਣ ਵਾਲੀ ਲੜਕੀ ਅਮਨਦੀਪ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਆਪਣੇ ਪਤੀ ਦੀ ਮ੍ਰਿਤਕ ਦੇ ਕੋਲ ਨਾ ਜਾਣ ਦਿੱਤਾ ਗਿਆ ਤਾਂ ਉਹ ਪੁਲਿਸ ਦੇ ਸਾਹਮਣੇ ਆਤਮ ਹੱਤਿਆ ਕਰ ਲਵੇਗੀ। ਲਾਸ਼ ਦੀ ਸਪੁਰਦਗੀ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ, ਕਿਉਂਕਿ ਇਸ ਸਮੇਂ ਮਜਿਸਟ੍ਰੇਟ ਦੀ ਅਗਵਾਈ ਵਿੱਚ ਡਾਕਟਰਾਂ ਦਾ ਸਪੈਸ਼ਲ ਬੈਂਚ ਪੋਸਟ ਮਾਰਟਮ ਕਰ ਰਿਹਾ ਹੈ।