ਚੰਡੀਗੜ੍ਹ: ਬੇਅਦਬੀ ਅਤੇ ਗੋਲ਼ੀਕਾਂਡਾਂ 'ਤੇ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਨਮੋਸ਼ੀ ਖੱਟਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੂਰੇ ਪੰਜਾਬ ਵਿੱਚ ਸਰਕਾਰ ਅਤੇ ਮੁਤਵਾਜ਼ੀ ਜਥੇਦਾਰਾਂ ਜਥੇਦਾਰਾਂ ਵਿਰੁੱਧ ਆਪਣੀ ਭੜਾਸ ਕੱਢੀ ਹੈ। ਪਾਰਟੀ ਹੁਕਮਰਾਨਾਂ ਤੋਂ ਨਿਰਦੇਸ਼ ਪਾ ਕੇ ਅਕਾਲੀ ਲੀਡਰਾਂ ਨੇ ਪੂਰੇ ਪੰਜਾਬ ਵਿੱਚ ਪੁਤਲੇ ਫੂਕ ਮੁਜ਼ਾਹਰੇ ਕੀਤੇ। ਅੱਜ ਪੂਰੇ ਪੰਜਾਬ ਵਿਚ ਅਕਾਲੀ ਆਗੂਆਂ ਨੇ ਜਿੱਥੇ ਕਾਂਗਰਸ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ। ਅਕਾਲੀਆਂ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਵਿਰੁੱਧ ਝੂਠੀਆਂ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ ਕਰਨ ਦੀ ਚੇਤਾਵਨੀ ਦਿੱਤੀ। ਅਕਾਲੀ ਦਲ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ 'ਚ ਇਸ ਰੋਸ ਪ੍ਰਦਰਸ਼ਨ ਕਾਰਨ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਰੱਖੇ ਹੋਏ ਸਨ। ਹਲਕਾ ਮਜੀਠਾ ਤੋਂ ਪੁਲੀਸ ਦੀ ਮੁਸਤੈਦੀ ਕਾਰਨ ਕਾਂਗਰਸੀਆਂ ਅਤੇ ਅਕਾਲੀ ਵਰਕਰਾਂ ਦਾ ਟਕਰਾਅ ਹੋਣੋਂ ਟਲ ਗਿਆ। ਉੱਧਰ ਮੰਡੀ ਗੋਬਿੰਦਗੜ੍ਹ ਵਿੱਚ ਟਕਰਾਅ ਹੋਣ ਤੋਂ ਬਚਾਉਣ ਲਈ ਪੁਲਿਸ ਨੇ ਅਕਾਲੀਆਂ ਦਾ ਵਿਰੋਧ ਕਰਨ ਆਏ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਵਿੱਚ ਹਿੱਸਾ ਨਾ ਲੈ ਕੇ ਬੈਕਫੁੱਟ 'ਤੇ ਚਲਾ ਗਿਆ ਹੈ। ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਟਕਸਾਲੀ ਆਗੂਆਂ ਨੂੰ ਅੱਗੇ ਲਿਆਉਣ ਅਤੇ ਵਿਰੋਧ ਪ੍ਰਦਰਸ਼ਨਾਂ ਨਾਲ ਸਾਖ਼ ਸੁਧਾਰਨ ਲਈ ਮੁਹਿੰਮ ਵਿੱਢੀ ਹੋਈ ਹੈ।