ਅਕਾਲੀ ਸਰਪੰਚ ਦੇ ਮੁੰਡੇ ਦਾ ਦਿਨ-ਦਿਹਾੜੇ ਕਤਲ
ਏਬੀਪੀ ਸਾਂਝਾ | 11 Aug 2020 01:10 PM (IST)
ਹਲਕਾ ਸਮਰਾਲਾ ਦੇ ਪਿੰਡ ਸੇਹ ਦੀ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਪੁੱਤਰ ਰਵਿੰਦਰ ਸਿੰਘ ਉਰਫ ਸੋਨੂੰ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ।
ਸਮਰਾਲਾ: ਹਲਕਾ ਸਮਰਾਲਾ ਦੇ ਸੇਹ ਪਿੰਡ ਵਿੱਚ ਇੱਕ ਨੌਜਵਾਨ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੋਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਸੋਨੂੰ (38) ਵਜੋਂ ਹੋਈ ਹੈ। ਉਹ ਅਕਾਲੀ ਦਲ ਦੇ ਯੂਥ ਵਿੰਗ (ਸਮਰਾਲਾ ਦੇਹਾਤੀ) ਦਾ ਪ੍ਰਧਾਨ ਸੀ। ਮ੍ਰਿਤਕ ਦੀ ਮਾਂ ਪਿੰਡ ਦੇ ਸਰਪੰਚ ਹੈ। ਇਹ ਵੀ ਪਤਾ ਲੱਗਿਆ ਕਿ ਮ੍ਰਿਤਕ ਦਾ ਛੋਟਾ ਭਰਾ ਵੀ ਇੱਕ ਸਾਲ ਪਹਿਲਾਂ ਪਿੰਡ ਵਿੱਚ ਹੀ ਮਾਰਿਆ ਗਿਆ ਸੀ। ਹਾਸਲ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਪਿੰਡ ਦੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਸੀ। ਉਸ ਦੌਰਾਨ ਸਵਿੱਫਟ ਗੱਡੀ ਵਿੱਚ 5-6 ਵਿਅਕਤੀ ਆਏ ਤੇ ਰਵਿੰਦਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਲੱਗਣ ਕਾਰਨ ਰਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਪਹਿਲਾਂ ਤਕਰੀਬਨ ਇੱਕ ਸਾਲ ਪਹਿਲਾਂ ਪਿੰਡ ਵਿੱਚ ਰਵਿੰਦਰ ਦੇ ਛੋਟੇ ਭਰਾ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਚਰਚਾ ਹੈ ਕਿ ਪਿੰਡ ਸੇਹ ਵਿੱਚ ਪੰਚਾਇਤੀ ਚੋਣਾਂ ਵਿੱਚ ਰਵਿੰਦਰ ਦੀ ਮਾਂ ਰਣਜੀਤ ਕੌਰ ਦੀ ਜਿੱਤ ਤੋਂ ਬਾਅਦ ਸ਼ੁਰੂ ਹੋਈ ਰਾਜਨੀਤਕ ਲੜਾਈ ਨੇ ਦੋਵਾਂ ਭਰਾਵਾਂ ਨੂੰ ਮਰਵਾ ਦਿੱਤਾ ਹੈ। ਇਸ ਸਮੇਂ ਮੌਕੇ ਪਹੁੰਚੇ ਅਕਾਲੀ ਨੇਤਾ ਸੰਤਾ ਸਿੰਘ ਉਮੈਦਪੁਰੀ ਤੇ ਜਗਜੀਵਨ ਸਿੰਘ ਖੀਰਨੀਆ ਨੇ ਇਸ ਨੂੰ ਰਾਜ ਸਰਕਾਰ ਦੀ ਰਾਜਨੀਤਕ ਅਸਫਲਤਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਦੀ ਵੀ ਪਿੰਡ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਜੇ ਉਸ ਦੇ ਕਾਤਲ ਨੂੰ ਸਹੀ ਸਜ਼ਾ ਦਿੱਤੀ ਜਾਂਦੀ, ਤਾਂ ਇਸ ਦਿਨ ਜੋ ਇੱਥੇ ਕਤਲ ਹੋਇਆ ਹੈ, ਉਹ ਨਹੀਂ ਹੋਣਾ ਸੀ। ਘਟਨਾ ਤੋਂ ਬਾਅਦ ਪਿੰਡ ਵਿੱਚ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਸੀਨੀਅਰ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ। ਇਸ ਮੌਕੇ ਐਸਐਸਪੀ ਨੇ ਮਾਮਲੇ ਦੀ ਜਾਂਚ ਕਰ ਕਾਰਵਾਈ ਕਰਨ ਦੀ ਗੱਲ ਆਖੀ ਹੈ।