ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਭਾਵੇਂ ਅਗਲੇ ਸਾਲ ਹੋਣੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੋਂ ਹੀ ਕਮਰਕੱਸ ਲਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਪੰਜਾਬ ਮੰਗਦਾ ਜੁਆਬ' ਰੈਲੀਆਂ ਰਾਹੀਂ ਮਾਹੌਲ ਗਰਮਾ ਲਿਆ ਸੀ ਪਰ ਕੋਰੋਨਾ ਪਾਬੰਦੀਆਂ ਕਰਕੇ ਅਕਾਲੀ ਲੀਡਰਾਂ ਨੂੰ ਅਜੇ ਘਰ ਬੈਠਣਾ ਪੈ ਗਿਆ ਹੈ।


ਅਹਿਮ ਗੱਲ ਹੈ ਕਿ ਅਕਾਲੀ ਦਲ ਨੇ ਹੁਣ ਤੋਂ ਹੀ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਬਾਦਲ ਨੂੰ ਹੁਣ ਤੱਕ ਆਪਣੇ ਸਣੇ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਦਾ ਥਾਪੜਾ ਮਿਲਣ ਮਗਰੋਂ ਇਹ ਉਮੀਦਵਾਰਾਂ ਨੇ ਸਾਲ ਪਹਿਲਾਂ ਹੀ ਆਪਣੀ ਚੋਣ ਮੁਹਿੰਮ ਵਿੱਢ ਦਿੱਤੀ ਹੈ।


ਸੁਖਬੀਰ ਬਾਦਲ ਵੱਲੋਂ ਹੁਣ ਤੱਕ ਆਪਣੇ ਸਮੇਤ 7 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵੱਲੋਂ ਖੁਦ ਜਲਾਲਾਬਾਦ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ। ਅਟਾਰੀ ਹਲਕੇ ਤੋਂ ਗੁਲਜ਼ਾਰ ਸਿੰਘ ਰਣੀਕੇ, ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ, ਜ਼ੀਰਾ ਹਲਕੇ ਤੋਂ ਜਨਮੇਜਾ ਸਿੰਘ ਸੇਖੋਂ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ, ਡੇਰਾ ਬੱਸੀ ਹਲਕੇ ਤੋਂ ਮੌਜੂਦਾ ਵਿਧਾਇਕ ਐਨਕੇ ਸ਼ਰਮਾ ਤੇ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ।


ਇਹ ਵੀ ਅਹਿਮ ਹੈ ਕਿ ਅਕਾਲੀ ਦਲ ਵੱਲੋਂ ਇਸ ਵਾਰ ਪਾਰਟੀ ਦੇ ਸਾਰੇ ਨਿਯਮਾਂ ਨੂੰ ਅੱਖੋਂ ਓਹਲੇ ਕਰਦਿਆਂ ਸਟੇਜ਼ਾਂ ਤੋਂ ਹੀ ਉਮੀਦਵਾਰ ਐਲਾਨੇ ਜਾ ਰਹੇ ਹਨ। ਇਸ ਤੋਂ ਪਹਿਲਾਂ ਨਿਯਮਾਂ ਮੁਤਾਬਕ ਉਮੀਦਵਾਰਾਂ ਦੀ ਚੋਣ ਕਈ ਪੜਾਵਾਂ 'ਚੋਂ ਲੰਘਦੀ ਸੀ। ਕੋਰ ਕਮੇਟੀ ਸਮੇਤ ਸਕਰੀਨਿੰਗ ਕਮੇਟੀ 'ਚ ਉਮੀਦਵਾਰਾਂ ਦੇ ਨਾਂ ਤੈਅ ਕੀਤੇ ਜਾਂਦੇ ਸਨ। ਇਸ ਵਾਰ ਸੁਖਬੀਰ ਬਾਦਲ ਖੁਦ ਹੀ ਸਟੇਜ ਤੋਂ ਟਿਕਟਾਂ ਵੰਡ ਰਹੇ ਹਨ।


ਇਸ ਤੋਂ ਅੱਗੇ ਸੁਖਬੀਰ ਬਾਦਲ ਉਮੀਦਵਾਰਾਂ ਦਾ ਐਲਾਨ ਕਰਕੇ ਇਹ ਵੀ ਸਪਸ਼ਟ ਕਰ ਰਹੇ ਹਨ ਕਿ ਕਿਸ-ਕਿਸ ਨੂੰ ਮੰਤਰੀ ਦਾ ਅਹੁਦਾ ਮਿਲੇਗਾ। ਵੀਰਵਾਰ ਨੂੰ ਸੁਖਬੀਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਬਣਨ 'ਤੇ ਦਲਿਤ ਲੀਡਰ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇਗਾ। ਸੁਖਬੀਰ ਬਾਦਲ ਦੇ ਅਜਿਹੇ ਤੇਵਰਾਂ ਨੂੰ ਵੇਖ ਟਕਸਾਲੀ ਲੀਡਰ ਵੀ ਹੈਰਾਨ ਹਨ


ਟਕਸਾਲੀ ਲੀਡਰਾਂ ਅੰਦਰ ਚਰਚਾ ਹੈ ਕਿ ਜੇ ਸੁਖਬੀਰ ਬਾਦਲ ਵੱਲੋਂ ਖੁਦ ਹੀ ਸਾਰੇ ਫੈਸਲੇ ਲਏ ਜਾਣੇ ਹਨ ਤਾਂ ਫਿਰ ਕੋਰ ਕਮੇਟੀ, ਵਰਕਿੰਗ ਕਮੇਟੀ ਤੇ ਹੋਰਨਾਂ ਕਮੇਟੀਆਂ ਬਣਾਉਣ ਦਾ ਕੀ ਫਾਇਦਾ। ਇਸ ਤਰ੍ਹਾਂ ਇਹ ਸਾਰੀਆਂ ਕਮੇਟੀਆਂ ਬੇਮਾਇਨੇ ਹੋ ਕੇ ਰਹਿ ਜਾਂਦੀਆਂ ਹਨ ਤੇ ਇਨ੍ਹਾਂ ਕਮੇਟੀਆਂ 'ਚ ਸ਼ਾਮਲ ਲੀਡਰਾਂ ਦੇ ਪੱਲੇ ਨਮੋਸ਼ੀ ਤੋਂ ਸਿਵਾਏ ਕੁਝ ਨਹੀਂ ਪੈਂਦਾ।


ਇਹ ਵੀ ਪੜ੍ਹੋ: ਕੈਨੇਡਾ ਤੋਂ ਖੁਸ਼ਖਬਰੀ! 90000 ਪਰਵਾਸੀਆਂ ਨੂੰ ਪੀਆਰ ਦੇਣ ਦਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904