ਚੰਡੀਗੜ੍ਹ: ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਕਿਸਾਨ ਅੰਦੋਲਨ ਕਰਕੇ ਬਦਲੇ ਸਿਆਸੀ ਸਮੀਕਰਨਾਂ ਨੂੰ ਵੇਖਦਿਆਂ ਹੁਣ ਤੋਂ ਹੀ ਜੋੜ-ਤੋੜ ਸ਼ੁਰੂ ਹੋ ਗਏ ਹਨ। ਇਹ ਵੀ ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਨਵੀਆਂ ਸਿਆਸੀ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਨਵੇਂ ਗੱਠਜੋੜ ਵੀ ਸਾਹਮਣੇ ਆ ਸਕਦੇ ਹਨ।


ਦਰਅਸਲ ਚਰਚਾ ਹੈ ਕਿ ਕਾਂਗਰਸ ਤੋਂ ਬਾਗੀ ਹੋਏ ਨਵਜੋਤ ਸਿੱਧੂ ਆਪਣੇ ਹਮਖਿਆਲੀਆਂ ਨਾਲ ਮਿਲ ਕੇ ਨਵੀਂ ਸਿਆਸੀ ਪਾਰਟੀ ਬਣਾ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਸੰਕੇਤ ਮਿਲੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਭੰਗ ਕਰਕੇ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਰਵਾਇਤੀ ਪਾਰਟੀਆਂ ਅਕਾਲੀ ਦਲ ਬਾਦਲ, ਕਾਂਗਰਸ ਤੇ ਬੀਜੇਪੀ ਖਿਲਾਫ ਤੀਜਾ ਮੋਰਚਾ ਬਣ ਸਕਦਾ ਹੈ।


ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬੁੱਧਵਾਰ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਜਲਦੀ ਹੀ ਆਪੋ ਆਪਣੇ ਦਲ ਭੰਗ ਕਰਕੇ ਨਵੀਂ ਸਿਆਸੀ ਪਾਰਟੀ ਬਣਾਈ ਜਾਵੇਗੀ। ਇਸ ਸਬੰਧੀ ਦੋਵੇਂ ਪਾਰਟੀਆਂ ਦੇ ਲੀਡਰਾਂ ਦੀ ਸਾਂਝੀ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ।


ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕਾਂਗਰਸ, ਬਾਦਲ ਦਲ ਤੇ ਭਾਜਪਾ ਨੂੰ ਸਿਆਸਤ ਤੋਂ ਲਾਂਭੇ ਕਰਨ ਦੀ ਸਖ਼ਤ ਲੋੜ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਇਕੱਠੇ ਹੋ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ। ਉਨ੍ਹਾਂ ਦੱਸਿਆ ਕਿ ਬ੍ਰਹਮਪੁਰਾ ਤੇ ਉਨ੍ਹਾਂ ਨੇ ਪਹਿਲਕਦਮੀ ਕਰਦਿਆਂ ਨਵੀਂ ਪਾਰਟੀ ਬਣਾਉਣ ਦੀ ਚਰਚਾ ਛੇੜੀ ਸੀ ਜੋ ਸਿਰੇ ਚੜ੍ਹਨ ਵਾਲੀ ਹੈ। 17 ਅਪਰੈਲ ਨੂੰ ਇਸ ਦਾ ਰਸਮੀ ਐਲਾਨ ਹੋ ਸਕਦਾ ਹੈ।


ਉਧਰ, ਪੰਜਾਬ ਦੀ ਸਿਆਸਤ ਵਿੱਚ ਵੱਡੇ ਤੇ ਚਰਚਿਤ ਚਿਹਰੇ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੀਂ ਚਰਚਾ ਛੇੜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਜਲਦ ਹੀ ਵੱਡਾ ਧਮਾਕਾ ਕਰਨਗੇ। ਇਹ ਚਰਚਾ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਨੂੰ ਵੇਖ ਛਿੜੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਸਿੱਧੂ ਨੇ ਆਪਣੀ ਹੀ ਸਰਕਾਰ ਖਿਲਾਫ ਨਿਸ਼ਾਨੇ ਤੇਜ਼ ਕਰ ਦਿੱਤੇ ਹਨ।


ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਵਿੱਚ ਜੁਟ ਗਏ ਹਨ। ਅਜਿਹੇ ਸੰਕੇਤ ਸਿੱਧੂ ਵੱਲੋਂ ਪਿੰਡ ਜਵਾਹਰ ਸਿੰਘ ਵਾਲਾ ਵਿੱਚ ਦਿੱਤਾ ਜਿੱਥੇ ਉਨ੍ਹਾਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਲਈ ਬਣੀ ਐਸਆਈਟੀ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਇਹ ਉਹੀ ਵਿਸ਼ੇਸ਼ ਜਾਂਚ ਟੀਮ ਹੈ ਜਿਸ ਦੀ ਅਗਵਾਈ ਆਈਜੀ ਕੁੰਵਰ ਵਿਜੈ ਪ੍ਰਤਾਪ ਕਰ ਰਹੇ ਸਨ ਤੇ ਜਿਸ ਨੂੰ ਉੱਚ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Coronavirus Update: ਕੋਰੋਨਾ ਕੇਸਾਂ 'ਚ ਵੱਡਾ ਉਛਾਲ 24 ਘੰਟਿਆਂ 'ਚ 2 ਲੱਖ ਨਵੇਂ ਕੇਸ, ਐਕਟਿਵ ਕੇਸ ਹੋਏ 14 ਲੱਖ ਤੋਂ ਪਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904