SIT ਅੱਗੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚੇ ਅਕਸ਼ੈ
ਏਬੀਪੀ ਸਾਂਝਾ | 21 Nov 2018 09:50 AM (IST)
ਚੰਡੀਗੜ੍ਹ: ਐਕਟਰ ਅਕਸ਼ੈ ਕੁਮਾਰ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚ ਗਏ ਹਨ। ਇਸ ਤੋਂ ਪਹਿਲਾਂ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਵੀ ਪੁਛਗਿੱਛ ਕਰ ਚੁੱਕੀ ਹੈ। ਇਸ ਮਾਮਲੇ ‘ਚ ਬਾਦਲਾਂ ਦੇ ਨਾਲ-ਨਾਲ ਅਕਸ਼ੈ ਕੁਮਾਰ ਨੂੰ ਵੀ ਸੰਮਨ ਭੇਜੇ ਸੀ। ਅਕਸ਼ੈ ਕੁਮਾਰ ਨਾਲ ਪੁੱਛਗਿੱਛ ਪੰਜਾਬ ਪੁਲਿਸ ਹੈਡਕੁਆਟਰ ‘ਚ ਹੋਣੀ ਹੈ, ਜਿੱਥੇ ਉਹ ਪਹੁੰਚ ਗਏ ਹਨ। ਅਕਸ਼ੈ ਨੇ SIT ਨੂੰ ਈਮੇਲ ਕਰਕੇ ਇਸ ਦੀ ਸੂਚਨਾ ਦਿੱਤੀ ਹੈ ਕਿ ਉਹ ਜਾਂਚ ਵਿੱਚ ਸ਼ਾਮਲ ਹੋਣਗੇ ਪਰ ਅੰਮ੍ਰਿਤਸਰ ਦੀ ਬਜਾਇ ਚੰਡੀਗੜ੍ਹ ਪੇਸ਼ ਹੋਣਗੇ। ਹਾਲਾਂਕਿ ਫ਼ਿਲਮੀ ਕਲਾਕਾਰ ਤੋਂ ਪੁੱਛਗਿੱਛ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਅਕਸ਼ੈ ਕੁਮਾਰ ਸਾਢੇ ਨੌਂ ਵਜੇ ਹੀ ਪੁਲਿਸ ਹੈੱਡਕੁਆਟਰ ਪਹੁੰਚ ਚੁੱਕੇ ਹਨ। ਅਕਸ਼ੈ ਉੱਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਫ਼ਿਲਮ ਪੰਜਾਬ ਵਿੱਚ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਡੀਲ ਕਰਵਾਈ ਸੀ। ਇਸ ਡੀਲ ਕਰਕੇ ਹੀ ਅਕਾਲੀ ਦਲ ਦੀ ਸਰਕਾਰ ਉੱਪਰ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਡੇਰਾ ਸ਼ਰਧਾਲੂਆਂ ਨਾਲ ਨਰਮੀ ਵਰਤਣ ਦੇ ਸਵਾਲ ਉੱਠਦੇ ਆਏ ਹਨ। ਸੁਖਬੀਰ ਬਾਦਲ ਅਕਸ਼ੈ ਨਾਲ ਕਿਸੇ ਵੀ ਅਜਿਹੀ ਮੀਟਿੰਗ ਤੋਂ ਇਨਕਾਰ ਕਰ ਚੁੱਕੇ ਹਨ। ਅਕਸ਼ੈ ਨੇ ਵੀ ਕਿਹਾ ਹੈ ਕਿ ਉਹ ਕਦੇ ਰਾਮ ਰਹੀਮ ਨੂੰ ਮਿਲੇ ਹੀ ਨਹੀਂ। ਇਸ ਮਾਮਲੇ ਵਿੱਚ ਹੀ SIT ਅਕਸ਼ੈ ਤੋਂ ਸਵਾਲ ਪੁੱਛੇਗੀ।