ਪਰਮਜੀਤ ਸਿੰਘ


ਅਨੰਦਪੁਰ ਸਾਹਿਬ: ਸਿੱਖ ਇਤਿਹਾਸ ਵਿੱਚ ਸੁਲਤਾਨਪੁਰ ਲੋਧੀ ਦਾ ਇੱਕ ਵਿਲੱਖਣ ਸਥਾਨ ਹੈ। ਭਾਰਤ ਦੇ ਪੁਰਾਤਨ ਸ਼ਹਿਰਾਂ ਵਿੱਚੋਂ ਇੱਕ ਸੁਲਤਾਨਪੁਰ ਲੋਧੀ, ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੀ ਜ਼ਿੰਦਗੀ ਦਾ 14 ਸਾਲਾਂ ਤੋਂ ਵਧੇਰੇ ਸਮਾਂ ਗੁਜ਼ਾਰਿਆ।

ਆਉਣ ਵਾਲੇ ਸਾਲ ਯਾਨੀ 2019 ਵਿੱਚ ਸਮੁੱਚੇ ਸੰਸਾਰ ਭਰ ਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾਂ ਸਹਿਤ ਮਨਾ ਰਹੀਆਂ ਹਨ। ਇਨ੍ਹਾਂ ਸਮਾਗਮਾਂ ਦਾ ਮੁੱਖ ਅਸਥਾਨ ਰਹਿਣ ਵਾਲਾ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ।

ਪੂਰਾ ਸਾਲ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੀ ਅਰੰਭਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 22-23 ਨਵੰਬਰ ਨੂੰ ਗੁਰਦੂਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਹਾਲ ਵਿੱਚ ਗੁਰਮਤਿ ਸਮਾਗਮ ਦੇ ਨਾਲ ਹੋਵੇਗੀ।

ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ 23 ਨਵੰਬਰ ਨੂੰ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਰਾਜ ਪੱਧਰੀ ਸਮਾਗਮ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣਗੇ।

ਇਨ੍ਹਾਂ ਸਮਾਗਮਾਂ ਨੂੰ ਸਫਲ ਬਣਾਉਣ ਲਈ ਐਸਜੀਪੀਸੀ ਤੇ ਪੰਜਾਬ ਸਰਕਾਰ ਵਲੋਂ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸੰਗਤਾਂ ਦੀ ਰਹਾਇਸ਼ ਲਈ ਬਹੁਮੰਜਲੀ ਸਰਾਂਵਾਂ, ਪਾਰਕਿੰਗ, ਲੰਗਰ ਹਾਲ ਤੇ ਸੁਲਤਾਨਪੁਰ ਲੋਧੀ ਨੂੰ ਆਉਂਦੇ ਮੁੱਖ ਮਾਰਗਾਂ ਤੇ ਸਵਾਗਤੀ ਗੇਟ ਬਣਾਏ ਜਾ ਰਹੇ ਹਨ।

ਗੁਰਦੁਆਰਾ ਸੰਤ ਘਾਟ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਉਥੇ ਮੂਲ ਮੰਤਰ ਅਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜਿੱਥੇ ਗੁਰੂ ਸਾਹਿਬ ਦੇ ਜੀਵਨ, ਇਤਿਹਾਸ, ਤੇ ਫਲਸਫੇ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਰੂਪਮਾਨ ਕੀਤਾ ਜਾਵੇਗਾ।