ਅਕਸ਼ੈ ਕੁਮਾਰ ਨੇ ਸਿੱਟ ਨੂੰ ਦੱਸਿਆ ਕਿ ਉਹ ਕਦੇ ਵੀ ਰਾਮ ਰਹੀਮ ਜਾਂ ਉਸ ਦੇ ਪਰਿਵਾਰ ਨੂੰ ਨਹੀਂ ਮਿਲੇ। ਅਕਸ਼ੈ ਨੇ ਕਿਹਾ ਕਿ ਉਨ੍ਹਾਂ ਉੱਪਰ ਲੱਗੇ ਇਲਜ਼ਾਮ ਫਿਲਮ ਦੀ ਕਹਾਣੀ ਵਾਂ ਮਨਘੜਤ ਹਨ। ਉਨ੍ਹਾਂ ਕਿਹਾ ਕਿ ਮਨਘੜਤ ਕਹਾਣੀ ਦੀ ਬਜਾਏ ਤੱਥਾਂ ਦੀ ਜਾਂਚ ਹੋਈ ਚਾਹੀਦੀ ਹੈ।
ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਅਕਸ਼ੈ ਕੁਮਾਰ ਨੂੰ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਲਈ ਸੰਮਨ ਕੀਤਾ ਸੀ। ਦੋਵੇਂ ਬਾਦਲਾਂ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਅੱਜ ਅਕਸ਼ੈ ਕੁਮਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚੇ।
ਹਾਲਾਂਕਿ ਅਕਸ਼ੈ ਤੋਂ ਪੁੱਛਗਿੱਛ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਅਕਸ਼ੈ ਕੁਮਾਰ ਸਾਢੇ ਨੌਂ ਵਜੇ ਹੀ ਪੁਲਿਸ ਹੈੱਡਕੁਆਟਰ ਪਹੁੰਚ ਗਏ। ਅਕਸ਼ੈ ਉੱਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਫ਼ਿਲਮ ਪੰਜਾਬ ਵਿੱਚ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਡੀਲ ਕਰਵਾਈ ਸੀ।
ਇਸ ਡੀਲ ਕਰਕੇ ਹੀ ਅਕਾਲੀ ਦਲ ਦੀ ਸਰਕਾਰ ਉੱਪਰ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਡੇਰਾ ਸ਼ਰਧਾਲੂਆਂ ਨਾਲ ਨਰਮੀ ਵਰਤਣ ਦੇ ਸਵਾਲ ਉੱਠਦੇ ਆਏ ਹਨ। ਸ਼੍ਰੀ ਅਕਾਲ ਤਖਤ ਤੋਂ ਡੇਰਾ ਮੁਖੀ ਨੂੰ ਮਾਫੀ ਵੀ ਇਸੇ ਡੀਲ ਦਾ ਹਿੱਸਾ ਸੀ। ਉਂਝ ਸੁਖਬੀਰ ਬਾਦਲ ਤੇ ਅਕਸ਼ੈ ਕੁਮਾਰ ਪਹਿਲਾਂ ਹੀ ਕਿਸੇ ਵੀ ਅਜਿਹੀ ਮੀਟਿੰਗ ਤੋਂ ਇਨਕਾਰ ਕਰ ਚੁੱਕੇ ਹਨ। ਅਕਸ਼ੈ ਨੇ ਕਿਹਾ ਹੈ ਕਿ ਉਹ ਕਦੇ ਰਾਮ ਰਹੀਮ ਨੂੰ ਮਿਲੇ ਹੀ ਨਹੀਂ।