ਨਿਰੰਕਾਰੀ ਭਵਨ 'ਤੇ ਹਮਲੇ 'ਚ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ?
ਏਬੀਪੀ ਸਾਂਝਾ | 21 Nov 2018 09:39 AM (IST)
ਚੰਡੀਗੜ੍ਹ: ਰਾਜਾਸਾਂਸੀ ਵਿੱਚ ਨਿਰੰਕਾਰੀ ਭਵਨ 'ਤੇ ਹਮਲੇ ਵਿੱਚ ਸਿੱਖ ਲੀਡਰਾਂ ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁਲਜ਼ਮ ਹੀ ਗ੍ਰਿਫ਼ਤਾਰ ਨਹੀਂ ਹੋਏ ਤਾਂ ਖਾਲਿਸਤਾਨ ਪੱਖੀਆਂ ਤੇ ਪਾਕਿਸਤਾਨ ’ਤੇ ਇਲਜ਼ਾਮ ਲਾ ਕੇ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਦਾ ਜਰਨੈਲ ਜਰਨਲ ਬਿਪਨ ਰਾਵਤ ਆਖ ਰਿਹਾ ਹੈ ਕਿ ਪੰਜਾਬ ’ਚ ਸਿੱਖ ਮੁੜ ਹਥਿਆਰਬੰਦ ਕਾਰਵਾਈਆਂ ਰਾਹੀਂ ਗੜਬੜ ਕਰ ਸਕਦੇ ਹਨ ਜਦਕਿ ਇਹ ਨਿਰੋਲ ਸਿਆਸੀ ਬਿਆਨ ਹੈ। ਇਸ ਕਰਕੇ ਫੌਜ ਦੇ ਸਾਰੇ ਜਰਨੈਲਾਂ ਨੂੰ ਮੀਟਿੰਗ ਕਰਕੇ ਜਰਨਲ ਰਾਵਤ ਤੋਂ ਅਜਿਹੇ ਬਿਆਨ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਅਜਿਹਾ ਬਿਆਨ ਕਿਉਂ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਪਹਿਲਾਂ ਗੁਜਰਾਤ ’ਚ ਕਤਲੇਆਮ ਕਰਵਾ ਕੇ 2014 ’ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਹੁਣ ਸਿੱਖਾਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਪੂਰੀ ਹਿੰਦੂ ਕੌਮ ਨੂੰ ਵੋਟਾਂ ਲਈ ਵਰਤਣ ਦੀ ਨੀਤੀ ਅਖਤਿਆਰ ਕਰਕੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।