ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜ਼ਲਾਸ ਦਾ ਦੂਜਾ ਦਿਨ ਅੱਜ ਹੰਗਾਮੇ ਦੀ ਭੇਟ ਚੜ੍ਹ ਗਿਆ। ਵਿਧਾਨ ਸਭਾ ਸੈਸ਼ਨ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੈਸ਼ਨ ਵਿੱਚੋਂ ਵਾਕਆਊਟ ਕੀਤਾ। ਉਨ੍ਹਾਂ ਉਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਸੜਕਾਂ ਦੇ ਸਾਈਨ ਬੋਰਡਾਂ 'ਤੇ ਲਿਖਣ ਦੀ ਮੰਗ ਵੀ ਉਠਵਾਈ। ਸਵੇਰੇ 10 ਵਜੇ ਸੈਸ਼ਨ ਸ਼ੁਰੂ ਹੋਇਆ ਤਾਂ ਉਦੋਂ ਹੀ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਨੇ ਪ੍ਰਸ਼ਨ ਕਾਲ ਦੌਰਾਨ ਹੀ ਇਹ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਕਿ ਸੈਸ਼ਨ ਕਾਲ ਵਿੱਚ ਵਾਧਾ ਕੀਤਾ ਜਾਵੇ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਸਾਹਮਣੇ ਵੈੱਲ ਵਿੱਚ ਜਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅੱਧੇ ਘੰਟੇ ਦੇ ਰੌਲੇ-ਰੱਪੇ ਤੋਂ ਬਾਅਦ ਸਪੀਕਰ ਨੇ ਸਾਢੇ 10 ਵਜੇ ਅੱਧੇ ਘੰਟੇ ਲਈ ਸੈਸ਼ਨ ਉਠਾ ਦਿੱਤਾ। ਇਸ ਮੌਕੇ ਕੈਪਟਨ ਨੇ ਕਿਹਾ ਕਿ ਸੈਸ਼ਨ ਦੇ ਇੱਕ ਦਿਨ 'ਤੇ 70 ਲੱਖ ਰੁਪਇਆ ਖ਼ਰਚ ਆਉਂਦਾ ਹੈ। 'ਆਪ'-ਅਕਾਲੀ ਦਲ ਵਾਲੇ ਇਹ ਪੈਸੇ ਦਾ ਨੁਕਸਾਨ ਕਰ ਰਹੇ ਹਨ। ਇਸ ਦੇ ਨਾਲ ਹੀ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਰਾਜਾ ਵੜਿੰਗ ਨੇ ਵਿਰੋਧੀਆਂ 'ਤੇ ਇਲਜ਼ਾਮ ਲਾਏ ਕਿ ਇਹ ਉਹ ਤਾਂ ਕਿਸੇ ਮਸਲੇ 'ਤੇ ਗੱਲ ਕਰਨਾ ਹੀ ਨਹੀਂ ਚਾਹੁੰਦੇ ਸਿਰਫ਼ ਹੰਗਾਮਾ ਕਰਨਾ ਚਾਹੁੰਦੇ ਹਨ। ਇਸ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਸਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮਾਮਲਿਆਂ ਬਾਰੇ ਵਿਧਾਨ ਸਭਾ ਵਿੱਚ ਚਰਚਾ ਦੀ ਲੋੜ ਹੈ। ਇਸ ਕਾਰਨ ਸੈਸ਼ਨ ਵਿੱਚ ਵਾਧਾ ਕਰਨਾ ਜ਼ਰੂਰੀ ਸੀ, ਪਰ ਸੱਤਾਧਾਰੀ ਤਾਂ ਸੈਸ਼ਨ ਦੀ ਕਾਰਵਾਈ ਹੀ ਟਾਲ ਦਿੱਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਕਰਜ਼ਾ ਮਾਫ਼ੀ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਮਾਮਲੇ ਹਨ ਪਰ ਪੰਜਾਬ ਸਰਕਾਰ ਇਨਾਂ ਮਾਮਲਿਆਂ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਚਰਚਾ ਕਰਨ ਤੋਂ ਭੱਜ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਅੱਜ ਢਾਈ ਵਜੇ ਚੱਲਣਾ ਸੀ ਪਰ ਹੰਗਾਮੇ ਕਾਰਨ ਸੈਸ਼ਨ ਢਾਈ ਘੰਟੇ ਪਹਿਲਾਂ ਹੀ ਉਠਾ ਦਿੱਤਾ।