ਫ਼ਰੀਦਕੋਟ: ਕੁਝ ਬਦਮਾਸ਼ਾਂ ਵੱਲੋਂ ਆਪਣੇ ਪੁੱਤ ਤੇ ਉਸ ਦੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ ਵਿੱਚ ਇੱਕ ਥਾਣੇਦਾਰ ਦੋਸ਼ੀਆਂ ਵਿਰੁੱਧ ਕਾਰਵਾਈ ਲਈ 20 ਦਿਨਾਂ ਤੋਂ ਸਬੰਧਤ ਪੁਲਿਸ ਅਧਿਕਾਰੀਆਂ ਦੇ ਤਰਲੇ ਕੱਢ ਰਿਹਾ ਹੈ। ਖ਼ਬਰ ਫ਼ਰੀਦਕੋਟ ਤੋਂ ਹੈ ਜਿੱਥੇ ਤਕਰੀਬਨ 20 ਦਿਨ ਪਹਿਲਾਂ ਜਗਸੀਰ ਸਿੰਘ ਤੇ ਸ਼ਵਿੰਦਰ ਸਿੰਘ ਨਾਂ ਦੇ ਨੌਜਵਾਨਾਂ 'ਤੇ 20-25 ਨੌਜਵਾਨਾਂ ਨੇ ਉਦੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਜਗਸੀਰ ਆਪਣੇ ਛੋਟੇ ਭਰਾ ਨੂੰ ਸਕੂਲ ਤੋਂ ਛੁੱਟੀ ਮਗਰੋਂ ਲੈਣ ਗਿਆ ਸੀ। ਥਾਣਾ ਮੁਖੀ ਜੈਤੋ ਦੇ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਉਕਤ ਨੌਜਵਾਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਉਹ ਉਸ ਤੋਂ ਉਸ ਦਾ ਮੋਟਰਸਾਈਕਲ ਮੰਗਦੇ ਰਹਿੰਦੇ ਸਨ ਪਰ ਉਸ ਨੇ ਅਜਿਹਾ ਨਹੀਂ ਸੀ ਕੀਤਾ। ਜਗਸੀਰ ਮੁਤਾਬਕ ਉਕਤ ਨੌਜਵਾਨਾਂ ਵਿੱਚੋਂ ਕਈਆਂ ਦਾ ਨਾਂ ਲੁੱਟ-ਖੋਹ ਦੇ ਮਾਮਲਿਆਂ ਵਿੱਚ ਉੱਛਲਦਾ ਰਿਹਾ ਹੈ, ਜਿਸ ਕਾਰਨ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਸੀ। ਇਸ ਦੌਰਾਨ ਜਗਸੀਰ ਤੇ ਉਸ ਦੇ ਦੋਸਤ ਸ਼ਵਿੰਦਰ ਨੂੰ ਕਾਫੀ ਸੱਟਾਂ ਲੱਗੀਆਂ। ਦੋਵੇਂ ਨੌਜਵਾਨਾਂ ਦਾ ਫ਼ਿਰੋਜ਼ਪੁਰ ਦੇ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਗਸੀਰ ਦੇ ਪਿਤਾ ਤੇ ਥਾਣਾ ਜੈਤੋ ਦੇ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪੁੱਤ ਤੇ ਉਸ ਦੇ ਦੋਸਤ 'ਤੇ ਜਾਨਲੇਵਾ ਹਮਲਾ ਹੋਇਆ ਪਰ ਸਬੰਧਤ ਥਾਣਾ ਮੁਖੀ ਨੇ ਮਾਮੂਲੀ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਥਾਣਾ ਸਿਟੀ ਫ਼ਰੀਦਕੋਟ ਦੇ ਮੁਖੀ 'ਤੇ ਸਿਆਸੀ ਦਬਾਅ ਹੇਠ ਹੋਣ ਦਾ ਇਲਜ਼ਾਮ ਵੀ ਲਾਇਆ ਹੈ। ਇਸ ਮਾਮਲੇ ਵਿੱਚ ਫ਼ਰੀਦਕੋਟ ਸ਼ਹਿਰ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਆਪਣਾ ਪੱਖ ਦੱਸਿਆ ਕਿ ਪੁਲਿਸ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਕੇਸ ਦੀਆਂ ਧਾਰਾਵਾਂ ਬਾਰੇ ਕੋਈ ਸਪਸ਼ਟ ਜਵਾਬ ਨਾ ਦਿੱਤਾ ਤੇ ਕਿਹਾ ਕਿ ਮੁਲਜ਼ਮ ਤੇ ਪੀੜਤ ਪੁਰਾਣੇ ਸਾਥੀ ਸਨ ਪਰ ਪੁਲਿਸ ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ। ਜਦੋਂ ਪੀੜਤ ਧਿਰ ਦਾ ਸਬੰਧ ਵੀ ਪੁਲਿਸ ਨਾਲ ਹੋਵੇ ਫਿਰ ਵੀ ਕਿਸੇ ਮੁਲਜ਼ਮ ਨੂੰ ਫੜਨ ਲਈ ਪੁਲਿਸ ਨੂੰ 20 ਦਿਨ ਦਾ ਸਮਾਂ ਲੱਗ ਰਿਹਾ ਹੈ ਤਾਂ ਆਮ ਆਦਮੀ ਨਾਲ ਵਧੀਕੀ ਕਰਨ ਵਾਲੇ ਨੂੰ ਪੁਲਿਸ ਕਿੰਨੀ ਦੇਰ ਵਿੱਚ ਫੜੇਗੀ? ਪੁਲਿਸ ਨੂੰ ਆਪਣੇ ਕੰਮ ਕਰਨ ਦੇ ਤਰੀਕਿਆਂ ਨੂੰ ਵਧੇਰੇ ਫੁਰਤੀਲਾ ਬਣਾਉਣ ਦੀ ਲੋੜ ਹੈ।