ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਮਿਲ ਕੇ ਖਹਿਰਾ ਖਿਲਾਫ ਕਥਿਤ ਨਸ਼ਾ ਮਾਮਲੇ ਤੇ ਹਾਈਕੋਰਟ ਦੀ ਭੂਮਿਕਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਆਪਣੇ ਵਿਰੁੱਧ ਇਸ ਵਿਵਾਦ ਨੂੰ ਰਾਣਾ ਗੁਰਜੀਤ, ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਜਿਸ਼ ਦੱਸਿਆ। ਖਹਿਰਾ ਤੇ ਬੈਂਸ ਨੇ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਤੇ ਖਹਿਰਾ ਮੁਤਾਬਕ ਗਵਰਨਰ ਨੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਬਾਰੇ ਪੂਰਨ ਭਰੋਸਾ ਦਿਵਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਲਗਪਗ ਸਾਰੇ ਵਿਧਾਇਕ ਸਨ। ਇਸ ਮੌਕੇ ਖਹਿਰਾ ਨੇ ਕਿਹਾ ਕਿ ਅਸੀਂ ਸੱਚੇ ਸੀ ਤੇ ਸੱਚੇ ਹਾਂ ਮਾਮਲੇ ਦਾ ਪੂਰਾ ਸੱਚ ਸਾਮ੍ਹਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਮਾਮਲੇ 'ਚ ਮੇਰੇ ਤੇ ਮਜੀਠੀਆ ਸਮੇਤ ਸਭ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਮੇਰੇ ਸਾਹਮਣੇ ਖੜ੍ਹ ਕੇ ਬਹਿਸ ਕਰਨ, ਮੈਂ ਸਾਰੇ ਜਵਾਬ ਦੇਵਾਂਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਆਡੀਓ 'ਚ ਪੈਸੇ ਦੇਣ ਦੀ ਗੱਲਬਾਤ ਪਿੱਛੇ ਸੁਖਬੀਰ ਬਾਦਲ, ਰਾਣਾ ਗੁਰਜੀਤ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋ ਸਕਦਾ ਹੈ। ਇਸ ਮੌਕੇ ਸਿਮਰਜੀਤ ਬੈਂਸ ਨੇ ਕਿਹਾ ਕਿ ਸਾਡੇ ਕੋਲ ਸਾਰੇ ਸਬੂਤ ਹਨ। ਉਨ੍ਹਾਂ ਕਿਹਾ ਕਿ ਅਸੀਂ ਜੋ ਆਡੀਓ ਜਾਰੀ ਕੀਤਾ ਹੈ ਕਿ ਪੰਜਾਬ ਦਾ ਇੱਕ ਬਰਖ਼ਾਸਤ ਪੀ.ਸੀ.ਐੱਸ. ਅਧਿਕਾਰੀ ਤੇ ਬਾਦਲ ਸਰਕਾਰ ਦਾ ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਖਪਾਲ ਖਹਿਰਾ ਦੇ ਕੇਸ 'ਚ ਹਾਈਕੋਰਟ ਦੇ ਜੱਜ ਨੂੰ ਪਟੀਸ਼ਨ ਡਿਸਮਿਸ ਕਰਵਾਉਣ ਲਈ 35 ਲੱਖ ਰੁਪਏ ਦੇਣ ਦੀ ਗੱਲ ਕਰ ਰਿਹਾ ਹੈ। ਬੈਂਸ ਨੇ ਕਿਹਾ ਕਿ ਉਹ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਨੂੰ ਰੱਬ ਕਹਿੰਦੇ ਹਾਂ ਪਰ ਜੇ ਅਦਾਲਤ ਹੀ ਭੇਦਭਾਵ ਕਰੇ ਤਾਂ ਕੀ ਕਰੀਏ। ਉਨ੍ਹਾਂ ਕਿਹਾ ਕਿ ਦੋ ਲੋਕਾਂ ਵਿਚਕਾਰ ਹਾਈਕੋਰਟ ਦੇ ਜੱਜ ਨੂੰ 35 ਲੱਖ ਦੇਣ ਦੀ ਗੱਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਪਤਾ ਇਹ 35 ਲੱਖ ਕਿਸ ਨੇ ਦਿੱਤੇ ਹਨ।