ਉਂਝ ਸੁਖਬੀਰ ਬਾਦਲ ਹੁਣ ਦਿੱਲੀ ਚੋਣਾਂ ਬਾਰੇ ਵੀ ਕੋਈ ਟਿੱਪਣੀ ਕਰਨ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਨੇ ਅੱਜ ਦਿੱਲੀ ਚੋਣਾਂ ਵਿੱਚ ਕਿਸੇ ਧਿਰ ਨੂੰ ਹਮਾਇਤ ਦੇਣ ਬਾਰੇ ਸਵਾਲ ਤੋਂ ਟਾਲਾ ਵੱਟਣਾ ਹੀ ਸਹੀ ਸਮਝਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਦਾ ਕੋਈ ਸਰੋਕਾਰ ਨਹੀਂ। ਬੀਜੇਪੀ ਨਾਲ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪਏ ਪੁਆੜੇ 'ਤੇ ਸੁਖਬੀਰ ਨੇ ਕਿਹਾ ਕਿ ਉਹ ਸੀਏਏ ਦੇ ਹੱਕ ਵਿੱਚ ਹਨ ਪਰ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਇਸ ਲਈ ਮੁਸਲਮਾਨ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਜਾਵੇ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਫੇਲ੍ਹ ਮੁੱਖ ਮੰਤਰੀ ਹਨ। ਉਹ ਕੰਮ ਹੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਮਾਫ਼ੀਆ ਤੋਂ ਮਹੀਨਾ ਲੈ ਰਹੇ ਹਨ। ਪੁਲਿਸ 'ਤੇ ਡੀਜੀਪੀ ਦਾ ਕੋਈ ਕੰਟਰੋਲ ਨਹੀਂ। ਐਸਐਸਪੀ ਸਿਰਫ਼ ਨਾਂ ਦੇ ਹਨ।
ਉਨ੍ਹਾਂ ਕਿਹਾ ਕਿ ਖ਼ਜ਼ਾਨਾ ਖਾਲੀ ਦਾ ਬਹਾਨਾ ਲਾ ਕੇ ਕੈਪਟਨ ਸਰਕਾਰ ਕਮਜ਼ੋਰੀ ਲੁਕਾ ਰਹੀ ਹੈ। ਸੁਖਬੀਰ ਨੇ ਸਵਾਲ ਕੀਤਾ ਕਿ ਅਸੀਂ ਕਦੇ ਨਹੀਂ ਕਿਹਾ ਸੀ ਕਿ ਖ਼ਜ਼ਨਾ ਖਾਲੀ ਹੈ। ਨੌਜਵਾਨਾਂ ਨੂੰ ਮੋਬਾਈਲ ਫੋਨ ਵੰਡਣ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੁਝ ਨਹੀਂ ਦੇਣਾ, ਸਿਰਫ਼ ਤਾਰੀਖ ਤੇ ਤਾਰੀਖ ਹੀ ਮਿਲੇਗੀ।