ਚੰਡੀਗੜ੍ਹ: ਸੂਬੇ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਗੱਲ ਠੀਕ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਥਾਣੇ ਕਾਂਗਰਸ ਭਵਨ ਬਣ ਗਏ ਹਨ ਪਰ ਉਨ੍ਹਾਂ ਪਿਛਲੇ 10 ਸਾਲਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਜੋ ਪੈਟਰਨ ਉਹ ਪਾ ਕੇ ਗਏ ਸੀ, ਉਹੀ ਹੁਣ ਤਕ ਚੱਲਦਾ ਆ ਰਿਹਾ ਹੈ।
ਅਰੋੜਾ ਨੇ ਕਿਹਾ ਕਿ ਸਿਰਫ ਪੱਗਾਂ ਤੇ ਝੰਡਿਆਂ ਦੇ ਰੰਗ ਹੀ ਬਦਲੇ ਹਨ, ਥਾਣਿਆਂ ਤੇ ਤਹਿਸੀਲਾਂ ਵਿੱਚ ਤਾਂ ਉਸੇ ਤਰ੍ਹਾਂ ਕੰਮ ਚੱਲਦਾ ਆ ਰਿਹਾ ਹੈ ਜੋ ਅਕਾਲੀਆਂ ਸਮੇਂ ਚੱਲ ਰਿਹਾ ਸੀ। ਕੈਪਟਨ ਤਾਂ ਸਿਰਫ ਅਕਾਲੀਆਂ ਦੀ ਰੀਤ ਨੂੰ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਸ਼ਿਆਂ ਦੇ ਮੁੱਦੇ 'ਤੇ ਪੂਰੀ ਤਰ੍ਹਾਂ ਫੇਲ੍ਹ ਹੈ। ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ਮੁੱਖ ਮੰਤਰੀ ਨੂੰ ਸੰਜੀਦਾ ਹੋਣ ਦੀ ਲੋੜ ਸੀ ਪਰ ਉਨ੍ਹਾਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਤਾਂ ਕਈ ਕਾਂਗਰਸੀ ਵਿਧਾਇਕ ਵੀ ਮੰਨ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੈਪਟਨ ਨਸ਼ਿਆਂ ਦੇ ਮੁੱਦੇ 'ਤੇ ਗੰਭੀਰ ਹੋਣ ਤੇ ਕੋਈ ਸਖ਼ਤ ਕਾਰਵਾਈ ਕਰਨ।