ਬਠਿੰਡਾ: ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਰ ਤੋਂ ਬਾਅਦ ਅੱਜ ਬਠਿੰਡਾ ਪੁੱਜੇ। ਉਨ੍ਹਾਂ ਕਿਹਾ ਕਿ ਮੇਰੇ ਮੁਕੱਦਰ ਹੀ ਹਾਰ ਗਏ ਪਰ ਮੈਨੂੰ ਲੋਕਾਂ ਨੇ ਨਹੀਂ ਹਰਾਇਆ, ਮੈਂ ਜਿੱਤਿਆ ਹਾਂ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹਾਰ ਦੇ ਕਾਰਨ ਕੀ ਹਨ, ਪਰ ਉਨ੍ਹਾਂ ਮਨਪ੍ਰੀਤ ਬਾਦਲ ਨੂੰ ਹਾਰ ਦਾ ਕਾਰਨ ਮੰਨਣ ਤੋਂ ਇਨਕਾਰ ਵੀ ਕੀਤਾ। ਵੜਿੰਗ ਨੇ ਉਨ੍ਹਾਂ ਦੀ ਰੈਲੀ ਤੋਂ ਸ਼ੁਰੂ ਹੋਏ ਸਿੱਧੂ-ਕੈਪਟਨ ਵਿਵਾਦ 'ਤੇ ਵੀ ਠਰ੍ਹੰਮਾ ਦਿਖਾਇਆ।




ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਰਾਜਾ ਵੜਿੰਗ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਲੋਕਾਂ ਦਾ ਇੰਨਾ ਪਿਆਰ ਤੇ ਉਤਸ਼ਾਹ ਸੀ, ਮੈਂ ਸਮਝਦਾ ਮੇਰੀ ਜਿੱਤ ਹੋਈ ਹੈ। ਬਠਿੰਡਾ ਸ਼ਹਿਰ ਤੋਂ ਵੋਟ ਘਟਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿਸੇ ਦਾ ਕੋਈ ਕਸੂਰ ਨਹੀਂ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੇ ਮੁਕੱਦਰ ਹਾਰ ਗਏ, ਮੈਨੂੰ ਉਮੀਦ ਸੀ ਕਿ ਬਠਿੰਡਾ ਕਾਫੀ ਵੱਡੀ ਤਾਦਾਦ ਵਿੱਚ ਵੋਟਾਂ ਵੱਧਣਗੀਆਂ ਪਰ ਕੱਟਣ ਦੀ ਤਾਂ ਬਿਲਕੁਲ ਉਮੀਦ ਨਹੀਂ ਸੀ। ਵੜਿੰਗ ਨੇ ਸਾਫ ਕੀਤਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਵਿੱਚ ਬਠਿੰਡਾ ਤੋਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਦੋਸ਼ ਹੈ। ਵੜਿੰਗ ਨੇ ਵਾਰੀ-ਵਾਰੀ ਕਿਹਾ ਕਿ ਕਿਤੇ ਨਾ ਕਿਤੇ ਮੇਰੇ ਵਿੱਚ ਕੋਈ ਕਮੀ ਰਹਿ ਗਈ।

ਜ਼ਰੂਰ ਪੜ੍ਹੋ- ਚੋਣਾਂ ਮਗਰੋਂ ਕਾਂਗਰਸ 'ਚ ਕਲੇਸ਼, ਹੁਣ ਸਿੱਧੂ ਨੇ ਕੈਪਟਨ ਨੂੰ ਵਿਖਾਇਆ ਸ਼ੀਸ਼ਾ

ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਦਰਮਿਆਨ ਜਾਰੀ ਵਿਵਾਦ 'ਤੇ ਬੋਲਦੇ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਮਝਦਾ ਹਾਂ ਉਹ ਵੱਡੇ ਲੀਡਰ ਹਨ ਤੇ ਇਹ ਉਨ੍ਹਾਂ ਦੀ ਆਪਸ 'ਚ ਗੱਲ ਕਰਨ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਨੇ ਬੜਾ ਮਾਣ ਦਿੱਤਾ ਹੈ ਤੇ ਇਸ ਲਈ ਉਹ ਸਾਰੇ ਵੱਡੇ ਲੀਡਰਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਿਰਫ 20 ਹਜ਼ਾਰ ਵੋਟਾਂ 'ਤੇ ਹਾਰਨ ਤੋਂ ਉਹ ਇਹ ਸਮਝਦਾ ਹਾਂ ਕਿ ਉਨ੍ਹਾਂ ਨੂੰ ਬਠਿੰਡਾ ਲੋਕ ਸਭਾ ਸੀਟ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਰਾਜਾ ਵੜਿੰਗ ਨੇ ਅਕਾਲੀ ਦਲ ਦੇ ਦੋ ਸੰਸਦ ਮੈਂਬਰ ਜੇਤੂ ਰਹਿਣ 'ਤੇ ਖੂਬ ਖਰੀਆਂ ਖੋਟੀਆਂ ਵੀ ਸੁਣਾਈਆਂ।

ਇਹ ਵੀ ਪੜ੍ਹੋ- ਪਰਨੀਤ ਕੌਰ ਨੇ ਵੀ ਕੱਢਿਆ ਨਵਜੋਤ ਸਿੱਧੂ 'ਚ ਨੁਕਸ, ਹੁਣ ਹੋਵੇਗਾ ਐਕਸ਼ਨ